ਗੁਰਦੀਪ ਸਿੰਘ ਲਾਲੀ
ਸੰਗਰੂਰ, 23 ਜੂਨ
ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਨੂੰ ਵੋਟਰਾਂ ਵੱਲੋਂ ਮੱਠਾ ਹੁੰਗਾਰਾ ਮਿਲਿਆ ਹੈ ਤੇ ਵੋਟਰਾਂ ’ਚ ਕਿਤੇ ਵੀ ਕੋਈ ਉਤਸ਼ਾਹ ਨਜ਼ਰ ਨਹੀਂ ਆਇਆ। ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਪੋਲਿੰਗ ਬੂਥਾਂ ਉਪਰ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਨਹੀਂ ਸਨ। ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਲਗਾਏ ਪੋਲਿੰਗ ਬੂਥਾਂ ’ਤੇ ਵੀ ਪਾਰਟੀ ਵਰਕਰਾਂ ’ਚ ਉਹ ਉਤਸ਼ਾਹ ਨਹੀਂ ਸੀ, ਜੋ ਪਿਛਲੀਆਂ ਚੋਣਾਂ ਦੌਰਾਨ ਵੇਖਣ ਨੂੰ ਮਿਲਿਆ ਸੀ। ਵੋਟਰਾਂ ਨੂੰ ਪੋਲਿੰਗ ਸਟੇਸ਼ਨਾਂ ਤੱਕ ਲਿਆਉਣ ਲਈ ਉਮੀਦਵਾਰਾਂ ਦੇ ਸਮਰਥਕਾਂ ਦੀਆਂ ਗੱਡੀਆਂ ਵੀ ਕਿਤੇ ਨਜ਼ਰ ਨਹੀਂ ਆਈਆਂ। ਬਹੁਤੇ ਪੋਲਿੰਗ ਸਟੇਸ਼ਨਾਂ ’ਚ ਸੁੰਨ ਪੱਸਰੀ ਹੋਈ ਸੀ ਤੇ ਕਿਤੇ ਵੀ ਕਤਾਰਾਂ ਵਿੱਚ ਲੱਗ ਕੇ ਵੋਟ ਪਾਉਣ ਲਈ ਉਡੀਕ ਕਰਦੇ ਵੋਟਰ ਨਹੀਂ ਦਿਖੇ। ਜ਼ਿਮਨੀ ਚੋਣ ਬਾਰੇ ਲੋਕਾਂ ਵਿੱਚ ਉਤਸ਼ਾਹ ਨਾ ਹੋਣ ਅਤੇ ਵੋਟਿੰਗ ਫੀਸਦ ਘਟਣ ਦਾ ਕਿਸ ਪਾਰਟੀ ਨੂੰ ਫਾਇਦਾ ਹੋਵੇਗਾ ਤੇ ਕਿਸ ਨੂੰ ਨੁਕਸਾਨ, ਇਸ ਬਾਰੇ ਸਿਆਸੀ ਮਾਹਰ ਲੇਖਾ-ਜੋਖਾ ਕਰ ਰਹੇ ਹਨ।
ਚੋਣ ਪ੍ਰਚਾਰ ਦੌਰਾਨ ਵੀ ਲੋਕਾਂ ਵੱਲੋਂ ਸਿਆਸੀ ਪਾਰਟੀਆਂ ਦੀਆਂ ਚੋਣ ਮੀਟਿੰਗਾਂ ਤੇ ਚੋਣ ਜਲਸਿਆਂ ਨੂੰ ਕੋਈ ਬਹੁਤੀ ਤਵੱਜੋ ਨਹੀਂ ਦਿੱਤੀ ਗਈ। ਪਿੰਡਾਂ ਵਿੱਚ ਵੱਖ-ਵੱਖ ਸਿਆਸੀ ਧਿਰਾਂ ਦੇ ਚੋਣ ਪ੍ਰਚਾਰ ਦੌਰਾਨ ਹੁੰਦੇ ਚੋਣ ਜਲਸਿਆਂ ਅਤੇ ਮੀਟਿੰਗਾਂ ਵਿੱਚੋਂ ਲੋਕਾਂ ਦਾ ਭਾਰੀ ਇਕੱਠ ਅਤੇ ਉਤਸ਼ਾਹ ਗਾਇਬ ਸੀ। ਇਸ ਵਾਰ ਚੋਣ ਪ੍ਰਚਾਰ ਦੌਰਾਨ ਉਮੀਦਵਾਰਾਂ ਨੂੰ ਲੱਡੂਆਂ ਨਾਲ ਤੋਲਣ ਦਾ ਰੁਝਾਨ ਵੀ ਘੱਟ ਹੀ ਰਿਹਾ ਤੇ ਸਪੀਕਰਾਂ ਦੀ ਉੱਚੀ ਆਵਾਜ਼ ਵੀ ਕਿਧਰੇ ਕੰਨੀ ਨਹੀਂ ਪਈ। ਚੋਣ ਪ੍ਰਚਾਰ ਦੇ ਸ਼ੁਰੂਆਤੀ ਦਿਨਾਂ ਦੌਰਾਨ ਤੇਜ਼ ਧੁੱਪ ਤੇ ਕਹਿਰ ਦੀ ਗਰਮੀ ਪੈ ਰਹੀ ਸੀ ਅਤੇ ਦਿਨ ਦਾ ਤਾਪਮਾਨ 45 ਡਿਗਰੀ ਤੱਕ ਪਹੁੰਚ ਗਿਆ ਸੀ, ਜਿਸ ਕਾਰਨ ਹਰ ਵਿਅਕਤੀ ਬਿਨਾ ਕਿਸੇ ਜ਼ਰੂਰੀ ਕੰਮ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਦਾ ਸੀ। ਇੱਕ ਕਾਰਨ ਇਹ ਵੀ ਹੈ ਕਿ ਇਹ ਚੋਣ ਸਿਰਫ਼ ਡੇਢ-ਦੋ ਸਾਲ ਲਈ ਹੈ ਕਿਉਂਕਿ 2024 ਵਿੱਚ ਮੁੜ ਲੋਕ ਸਭਾ ਦੀਆਂ ਆਮ ਚੋਣਾਂ ਹੋਣੀਆਂ ਹਨ।
ਕਿਸਾਨ ਤੇ ਮਜ਼ਦੂਰ ਝੋਨੇ ਦੀ ਲਵਾਈ ਲਈ ਖੇਤਾਂ ’ਚ ਜੁਟੇ
ਚੋਣ ਪ੍ਰਚਾਰ ਦੇ ਆਖਰੀ ਹਫ਼ਤੇ ਦੌਰਾਨ ਝੋਨੇ ਦੀ ਲੁਆਈ ਦਾ ਸੀਜ਼ਨ ਸ਼ੁਰੂ ਹੋ ਗਿਆ ਤੇ ਕਿਸਾਨ-ਮਜ਼ਦੂਰ ਝੋਨੇ ਦੀ ਲੁਆਈ ਦੇ ਕੰਮ ਵਿੱਚ ਜੁਟ ਗਏ। ਇਸੇ ਦੌਰਾਨ ਪਏ ਮੀਂਹ ਅਤੇ ਬੱਦਲਵਾਈ ਕਾਰਨ ਸੁਹਾਵਣੇ ਹੋਏ ਮੌਸਮ ਕਾਰਨ ਵੀ ਕਿਸਾਨਾਂ ਨੇ ਝੋਨੇ ਦੀ ਲਵਾਈ ਦਾ ਲਾਹਾ ਲੈਣਾ ਸਹੀ ਸਮਝਿਆ। ਚੋਣ ਪ੍ਰਚਾਰ ਦੇ ਆਖ਼ਰੀ ਹਫ਼ਤੇ ਦੌਰਾਨ ਚੋਣ ਲੜ ਰਹੀਆਂ ਸਿਆਸੀ ਪਾਰਟੀਆਂ ਦੇ ਲੀਡਰ ਵੋਟਾਂ ਦੀ ਸਿਆਸੀ ਫ਼ਸਲ ਇਕੱਠੀ ਕਰਨ ਲਈ ਪਿੰਡਾਂ ’ਚ ਗੇੜੇ ਮਾਰਦੇ ਰਹੇ ਜਦਕਿ ਕਿਸਾਨ ਅਤੇ ਮਜ਼ਦੂਰ ਖੇਤਾਂ ਵਿੱਚ ਜੁਟੇ ਹੋਏ ਸਨ। ਇਹੋ ਕਾਰਨ ਰਿਹਾ ਕਿ ਪੇਂਡੂ ਚੋਣ ਜਲਸਿਆਂ ’ਚ ਸਿਰਫ਼ ਸੌ ਕੁ ਲੋਕਾਂ ਦਾ ਮਸਾਂ ਹੀ ਇਕੱਠ ਹੁੰਦਾ ਸੀ। ਝੋਨੇ ਦੀ ਲਵਾਈ ਗਰੀਬ ਮਜ਼ਦੂਰ ਪਰਿਵਾਰਾਂ ਲਈ ਇੱਕ ਸੀਜ਼ਨ ਹੁੰਦਾ ਹੈ, ਜੋ ਉਨ੍ਹਾਂ ਦੀ ਆਰਥਿਕ ਮਜ਼ਬੂਤੀ ਦਾ ਆਧਾਰ ਬਣਦਾ ਹੈ। ਇਹੋ ਕਾਰਨ ਹੈ ਕਿ ਕਿਸਾਨਾਂ ਤੇ ਮਜ਼ਦੂਰਾਂ ਵਲੋਂ ਚੋਣਾਂ ਨਾਲੋਂ ਝੋਨੇ ਦੀ ਲੁਆਈ ਨੂੰ ਵਧੇਰੇ ਤਰਜੀਹ ਦਿੱਤੀ ਗਈ। ਸ਼ਹਿਰੀ ਖੇਤਰ ’ਚ ਵੀ ਵੋਟਰਾਂ ’ਚ ਖਾਸ ਦਿਲਚਸਪੀ ਨਜ਼ਰ ਨਹੀਂ ਆਈ।
ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੀਆਂ ਝਲਕੀਆਂ