ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਅਗਸਤ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਿਜੀਟਲ ਪੰਜਾਬ ਵੱਲ ਇੱਕ ਕਦਮ ਹੋਰ ਵਧਾਉਂਦਿਆਂ ਵਰਚੁਅਲ ਤੌਰ ’ਤੇ ਸੂਬਾ ਪੱਧਰੀ ਏਕੀਕ੍ਰਿਤ ਹੈਲਪਲਾਈਨ ਨੰਬਰ 1100 ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਲੋਕਾਂ ਨੂੰ ਸਮੂਹ ਸੇਵਾਵਾਂ ਨਿਰਵਿਘਨ ਦੇਣ ਤੋਂ ਇਲਾਵਾ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਮੁੱਖ ਮੰਤਰੀ ਵੱਲੋਂ ਸੂਬਾਈ ਦਾਖ਼ਲਾ ਪੋਰਟਲ https://admission.punjab.gov.in ਵਿੱਚ ਵਾਧਾ ਕਰਦਿਆਂ ਇਸ ਨੂੰ 31 ਅਗਸਤ ਤੱਕ ਵਧਾ ਦਿੱਤਾ ਹੈ।
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਇਸ ਪੋਰਟਲ ’ਤੇ 42000 ਵਿਦਿਆਰਥੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਇਸ ਸਾਂਝੇ ਦਾਖ਼ਲਾ ਪੋਰਟਲ ਨਾਲ ਦਾਖ਼ਲਾ ਪ੍ਰਕਿਰਿਆ 100 ਫ਼ੀਸਦੀ ਸੰਪਰਕ ਰਹਿਤ ਹੋਵੇਗੀ ਕਿਉਂਕਿ ਬਿਨੈਕਾਰਾਂ ਨੂੰ ਸਰੀਰਕ ਤੌਰ ’ਤੇ ਹਾਜ਼ਰ ਹੋਣ ਦੀ ਲੋੜ ਨਹੀਂ ਪਵੇਗੀ ਜਿਸ ਨਾਲ ਕਰੋਨਾ ਤੋਂ ਬਚਾਅ ਰਹੇਗਾ। ਮੁੱਖ ਮੰਤਰੀ ਨੇ ਵੱਖੋ-ਵੱਖ ਵਿਭਾਗਾਂ ਦੇ ਸਕੱਤਰਾਂ ਨੂੰ ਨਿਰਦੇਸ਼ ਦਿੱਤੇ ਕਿ ਆਪੋ-ਆਪਣੇ ਵਿਭਾਗਾਂ ਦੇ ਕੰਮ-ਕਾਜ ਦੀ ਹਫ਼ਤਾਵਾਰੀ ਸਮੀਖਿਆ ਨਿਯਮਿਤ ਤੌਰ ’ਤੇ ਕੀਤੀ ਜਾਵੇ।
ਇਸ ਮੌਕੇ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਸ ਦਾਖ਼ਲਾ ਪੋਰਟਲ ਨਾਲ ਵਿਦਿਆਰਥੀਆਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ ਅਤੇ ਇਸ ਪੋਰਟਲ ਰਾਹੀਂ ਉਹ ਕਈ ਕਾਲਜਾਂ ਵਿੱਚ ਇੱਕੋ ਬਿਨੈ ਫਾਰਮ ਰਾਹੀਂ ਦਰਖ਼ਾਸਤ ਦੇ ਸਕਦੇ ਹਨ। ਉਚੇਰੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਆਰ ਕੇ ਗੰਟਾ ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ 2021-22 ਦੇ ਸੈਸ਼ਨ ਲਈ ਕੇਂਦਰੀਕ੍ਰਿਤ ਆਨਲਾਈਨ ਦਾਖ਼ਲਾ ਪ੍ਰਕਿਰਿਆ ਪੰਜਾਬ ਦੇ ਸਾਰੇ ਕਾਲਜਾਂ ਵਿਚ 2 ਅਗਸਤ ਨੂੰ ਸ਼ੁਰੂ ਹੋ ਚੁੱਕੀ ਹੈ ਅਤੇ ਮੌਜੂਦਾ ਸਮੇਂ ਸੂਬੇ ਦੇ 59 ਸਰਕਾਰੀ ਕਾਲਜਾਂ ਵਿੱਚ ਅੰਡਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਕੋਰਸਾਂ ਵਿਚ ਦਾਖ਼ਲੇ ਲਈ ਇਹ ਪ੍ਰਕਿਰਿਆ ਜਾਰੀ ਹੈ।
ਇੱਕ ਕਲਿਕ ਨਾਲ ਮਿਲਣਗੀਆਂ ਕਈ ਸੇਵਾਵਾਂ: ਮੁੱਖ ਮੰਤਰੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 1100 ਹੈਲਪਲਾਈਨ ਨਾਲ ਲੋਕਾਂ ਨੂੰ ਸਿਰਫ਼ ਇੱਕ ਬਟਨ ਦਬਾਉਣ ਨਾਲ ਹੀ ਵੱਖੋ-ਵੱਖ ਸੇਵਾਵਾਂ ਦੇ ਲਾਭ ਹਾਸਲ ਹੋ ਸਕਣਗੇ। ਉਨ੍ਹਾਂ ਕਿਹਾ ਕਿ ਇਸ ਨਿਵੇਕਲੀ ਪਹਿਲ ਤਹਿਤ ਕਈ ਹੋਰ ਤਕਨੀਕੀ ਪੱਖ ਜਿਵੇਂ ਚੈਟ, ਈ-ਮੇਲ, ਵਟਸਐਪ ਅਤੇ ਐੱਸਐੱਮਐੱਸ ਵੀ ਛੇਤੀ ਹੀ ਜੋੜੇ ਜਾਣਗੇ।