ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਅਕਤੂਬਰ
ਊਰਜਾ ਦੀ ਬੱਚਤ ਤੇ ਵਾਤਾਵਰਨ ਵਿਗਾੜ ਦੀ ਸਮੱਸਿਆ ਨਾਲ ਨਜਿੱਠਣ ਲਈ ਊਰਜਾ ਕੁਸ਼ਲਤਾ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਜਲ ਸਪਲਾਈ ਸਕੀਮਾਂ ਲਈ ਊਰਜਾ ਦੀ ਸੁਚੱਜੀ ਵਰਤੋਂ ਵਾਲੇ ਪੰਪਸੈੱਟ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਵੇਰਕਾ ਤੇ ਅਟਾਰੀ ਬਲਾਕ ਦੇ 23 ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀਆਂ ਸਕੀਮਾਂ ਲਈ ਬੀਈਈ ਸਟਾਰ ਲੇਬਲ ਵਾਲੇ ਊਰਜਾ ਕੁਸ਼ਲ ਪੰਪਸੈੱਟ ਲਗਾਏ ਜਾਣਗੇ। ਸ੍ਰੀ ਅਰੋੜਾ ਨੇ ਕਿਹਾ ਕਿ ਇਸ ਪ੍ਰਾਜੈਕਟ ਦਾ ਉਦੇਸ਼ ਊਰਜਾ ਬਚਾਉਣ ਵਾਲੇ ਸਾਧਨਾਂ ਦੀ ਵਰਤੋਂ ਕਰਨਾ ਤੇ ਚੁਣੇ ਗਏ ਪਿੰਡਾਂ ਦੇ ਵਾਟਰ ਸਪਲਾਈ ਪੰਪਿੰਗ ਸਿਸਟਮ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਅਧਿਐਨਾਂ ਅਨੁਸਾਰ ਪੇਂਡੂ ਖੇਤਰਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਮੌਜੂਦਾ ਪੁਰਾਣੇ ਪੰਪਸੈਟਾਂ ਨੂੰ ਊਰਜਾ ਬਚਾਉਣ ਵਾਲੇ ਪੰਪਸੈੱਟਾਂ ਨਾਲ ਬਦਲ ਕੇ 20-25 ਫ਼ੀਸਦੀ ਊਰਜਾ ਦੀ ਬੱਚਤ ਹੋ ਸਕਦੀ ਹੈ। ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ), ਜੋ ਕਿ ਸੂਬੇ ਵਿੱਚ ਨਵਿਆਉਣਯੋਗ ਊਰਜਾ ਪ੍ਰੋਗਰਾਮਾਂ/ ਪ੍ਰਾਜੈਕਟਾਂ ਤੇ ਊਰਜਾ ਸੰਭਾਲ ਪ੍ਰੋਗਰਾਮਾਂ ਦੇ ਪ੍ਰਚਾਰ ਅਤੇ ਵਿਕਾਸ ਲਈ ਨੋਡਲ ਏਜੰਸੀ ਹੈ, ਵੱਲੋਂ ਅੰਮ੍ਰਿਤਸਰ ਦੇ ਪਿੰਡਾਂ ਦੀਆਂ ਜਲ ਸਪਲਾਈ ਸਕੀਮਾਂ ਦੇ ਪੰਪਿੰਗ ਸਿਸਟਮ ਲਈ ਬੀਈਈ ਸਟਾਰ ਲੇਬਲ ਵਾਲੇ ਊਰਜਾ ਕੁਸ਼ਲ ਪੰਪਸੈੱਟਾਂ ਦੀ ਸਪਲਾਈ, ਟੈਸਟਿੰਗ ਤੇ ਕਾਰਜਸ਼ੀਲਤਾ ਲਈ ਈ-ਟੈਂਡਰ ਕੱਢੇ ਗਏ ਹਨ।