ਦਲਬੀਰ ਸੱਖੋਵਾਲੀਆ/ਹਰਪਾਲ ਸਿੰਘ ਨਾਗਰਾ
ਡੇਰਾ ਬਾਬਾ ਨਾਨਕ/ਫਤਿਹਗੜ੍ਹ ਚੂੜੀਆਂ, 24 ਫਰਵਰੀ
ਉੱਘੇ ਲੋਕ ਪੱਖੀ ਗਾਇਕ ਅਮਰਜੀਤ ਗੁਰਦਾਸਪੁਰੀ (92) ਦਾ ਅੱਜ ਪਿੰਡ ਉਦੋਵਾਲੀ ਵਿੱਚ ਦੇਹਾਂਤ ਹੋ ਗਿਆ। ਉਹ ਬੀਤੇ ਕੁਝ ਦਿਨਾਂ ਤੋਂ ਬਿਮਾਰ ਸਨ। ਇਪਟਾ ਦੇ ਬਾਨੀਆਂ ’ਚੋਂ ਇੱਕ ਗੁਰਦਾਸਪੁਰੀ ਨੇ ਲਗਪਗ 40 ਸਾਲਾਂ ਤੱਕ ਰੇਡੀਓ ’ਤੇ ਗੀਤ ਗਾਏ ਹਨ। ਉਨ੍ਹਾਂ ਦਾ ਸਸਕਾਰ 25 ਫਰਵਰੀ ਨੂੰ ਪਿੰਡ ਉਦੋਵਾਲੀ (ਨੇੜੇ ਧਿਆਨਪੁਰ) ਵਿੱਚ ਕੀਤਾ ਜਾਵੇਗਾ। ਪੰਜਾਬ ਕਲਾ ਪ੍ਰੀਸ਼ਦ ਦੇ ਮੀਡੀਆ ਅਧਿਕਾਰੀ ਅਤੇ ਲੇਖਕ ਨਿੰਦਰ ਘੁਗਿਆਣਵੀ ਨੇ 2010 ਵਿੱਚ ਅਮਰਜੀਤ ਗੁਰਦਾਸਪੁਰੀ ’ਤੇ ‘ਮੇਰੀਆਂ ਪੈੜ੍ਹਾਂ’ ਨਾਂ ਦੀ ਦਸਤਾਵੇਜ਼ੀ ਫਿਲਮ ਬਣਾਈ ਸੀ। ਸ੍ਰੀ ਘੁਗਿਆਣਵੀ ਨੇ ਦੱਸਿਆ ਕਿ ਕਲਾ ਪ੍ਰੀਸ਼ਦ ਵੱਲੋਂ ਉਨ੍ਹਾਂ ਨੂੰ ਥੋੜ੍ਹਾ ਸਮਾਂ ਪਹਿਲਾਂ ਹੀ ‘ਗੌਰਵ ਪੰਜਾਬ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਪੰਜਾਬ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਗਿੱਲ ਤੇ ਖੇਡ ਪ੍ਰਮੋਟਰ ਐੱਸਪੀ ਪ੍ਰਿਥੀ ਸਿੰਘ ਨੇ ਅਮਰਜੀਤ ਗੁਰਦਾਸਪੁਰੀ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਚੇਅਰਮੈਨ ਡਾ. ਸੁਰਜੀਤ ਪਾਤਰ, ਉਪ ਚੇਅਰਮੈਨ ਡਾ. ਯੋਗਰਾਜ ਅਤੇ ਸ਼ਿਵ ਕੁਮਾਰ ਬਟਾਲਵੀ ਕਲਾ ਤੇ ਸੱਭਿਆਚਾਰ ਕੇਂਦਰ ਬਟਾਲਾ ਦੇ ਪ੍ਰਧਾਨ ਡਾ. ਰਵਿੰਦਰ, ਮੀਤ ਪ੍ਰਧਾਨ ਦੇਵਿੰਦਰ ਦੀਦਾਰ, ਸ਼ਾਇਰ ਜਸਵੰਤ ਹਾਂਸ, ਰਿਆੜਕੀ ਸੱਥ ਹਰਪੁਰਾ ਧੰਦੋਈ ਦੇ ਮੁੱਖ ਸੇਵਾਦਾਰ ਸੂਬਾ ਸਿੰਘ ਖਹਿਰਾ ਸਮੇਤ ਹੋਰ ਕਲਾ ਪ੍ਰੇਮੀਆਂ ਨੇ ਅਮਰਜੀਤ ਗੁਰਦਾਸਪੁਰੀ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ ਹੈ। ਇਸ ਮੌਕੇ ਪ੍ਰਿੰ. ਸੁਖਵੰਤ ਸਿੰਘ ਗਿੱਲ, ਭੁਪਿੰਦਰ ਸਿੰਘ ਸੰਧੂ, ਬਲਦੇਵ ਸਿੰਘ ਰੰਧਾਵਾ, ਹਰਪਾਲ ਸਿੰਘ, ਰਾਜਪਾਲ ਸਿੰਘ ਬਾਠ, ਸਰਬਜੀਤ ਸੋਹੀ ਆਸਟਰੇਲੀਆ ਤੇ ਹੋਰਨਾਂ ਜਥੇਬੰਦੀਆਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਮਰਜੀਤ ਗੁਰਦਾਸਪੁਰੀ ਦੇ ਤੁਰ ਜਾਣ ਨਾਲ ਸਾਫ਼ ਸੁਥਰੀ ਗਾਇਕੀ ਦਾ ਇਕ ਯੁੱਗ ਖ਼ਤਮ ਹੋ ਗਿਆ।
ਇਸੇ ਦੌਰਾਨ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਅਮਰਜੀਤ ਗੁਰਦਾਸਪੁਰੀ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸੀਨੀਅਰ ਮੀਤ ਪ੍ਰਧਾਨ ਜੋਗਾ ਸਿੰਘ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਨੇ ਕਿਹਾ ਕਿ ਅਮਰਜੀਤ ਗੁਰਦਾਸਪੁਰੀ ਨੇ ਲੋਕ-ਪੱਖੀ ਗਾਇਕੀ ਨਾਲ ਪੰਜਾਬ ਦੇ ਸੱਭਿਆਚਾਰ ’ਚ ਵੱਖਰੀ ਪਛਾਣ ਬਣਾਈ। ਉਨ੍ਹਾਂ ਆਪਣੀ ਗਾਇਕੀ ਨੂੰ ਬਾਜ਼ਾਰ ਦੀ ਵਸਤ ਨਹੀਂ ਬਣਨ ਦਿੱਤਾ। ਉਨ੍ਹਾਂ ਦੀ ਮੌਤ ਨਾਲ ਪੰਜਾਬੀ ਗਾਇਕੀ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰੀ ਪੰਜਾਬ ਦੀ ਇਪਟਾ ਲਹਿਰ ਦੇ ਮੋਢੀ ਗਾਇਕਾਂ ਵਿੱਚੋਂ ਸਿਖਰਲੀ ਹਸਤੀ ਸਨ।
‘ਵੇ ਪੁੰਨਣਾ, ਵੇ ਬੱਦਲਾ,ਵੇ ਸਾਂਵਲਾ, ਕਿੰਨਾ ਚਿਰ ਹੋਰ ਤੇਰੀ ਛਾਂ’
ਚੰਡੀਗੜ੍ਹ: ‘ਵੇ ਪੁੰਨਣਾ, ਵੇ ਬੱਦਲਾ, ਵੇ ਸਾਂਵਲਾ, ਕਿੰਨਾ ਚਿਰ ਹੋਰ ਤੇਰੀ ਛਾਂ’ ਗਾਉਣ ਵਾਲਾ, ਵਾਰਿਸ ਸ਼ਾਹ ਦੀ ਹੀਰ ਨੂੰ ਆਪਣੀ ਪੁਰਸੋਜ਼ ਆਵਾਜ਼ ਵਿਚ ਬੁਲੰਦੀ ’ਤੇ ਪਹੁੰਚਾਉਣ ਵਾਲਾ ਅਤੇ ਲੋਕ ਸੰਘਰਸ਼ਾਂ ਤੇ ਅਮਨ ਦੀ ਲਹਿਰ ਨੂੰ ਆਵਾਜ਼ ਦੇਣ ਵਾਲਾ ਗਾਇਕ ਅਮਰਜੀਤ ਗੁਰਦਾਸਪੁਰੀ ਤੁਰ ਗਿਆ ਹੈ। ਉਸ ਦੇ ਵਿਛੋੜੇ ’ਤੇ ਸਿਰਮੌਰ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਨੇ ਕਿਹਾ, ‘‘ਇਪਟਾ ਦੇ ਇਸ ਬਾਨੀ ਨੇ ਪੰਜਾਬੀ ਗਾਇਕੀ ਨੂੰ ਸਾਹਿਤਕ ਰੰਗਤ ਦਿੱਤੀ। ਉਸ ਦੀ ਆਵਾਜ਼ ਦਾ ਇਕ ਖ਼ਾਸ ਰੰਗ ਸੀ। 1980ਵਿਆਂ ਦੇ ਔਖੇ ਸਮਿਆਂ ਵਿਚ ਜਦ ਲੋਕ ਪੰਜਾਬ ਨੂੰ ਛੱਡ ਕੇ ਜਾ ਰਹੇ ਸਨ ਤਾਂ ਇਕ ਰਾਤ ਪੰਜਾਬੀ ਭਵਨ ਦੇ ਵਿਹੜੇ ਵਿਚ ਅਮਰਜੀਤ ਗੁਰਦਾਸਪੁਰੀ ਨੇ ‘ਭਾਈਆਂ ਬਾਝ ਨਾ ਮਜਲਿਸਾਂ ਸੋਂਹਦੀਆਂ ਨੇ’ ਗਾ ਕੇ ਪੰਜਾਬ ਨੂੰ ਛੱਡ ਕੇ ਤੁਰ ਜਾਂਦੇ ਲੋਕਾਂ ਨੂੰ ਏਦਾਂ ਆਵਾਜ਼ ਮਾਰੀ ਸੀ ਕਿ ਵਿਹੜੇ ਵਿਚ ਬੈਠੇ ਲੋਕ ਭੁੱਬੀਂ ਰੋ ਪਏ ਸਨ।’’ ਸ਼ਾਇਰ ਗੁਰਭਜਨ ਗਿੱਲ ਨੇ ਕਿਹਾ, ‘‘ਉਸ ਨੇ ਸਾਡੀ ਪੂਰੀ ਪੀੜ੍ਹੀ ਨੂੰ ਗੀਤਾਂ ਨਾਲ ਸਿੰਜਿਆ ਤੇ ਭਲੇ-ਬੁਰੇ ਦੀ ਪਛਾਣ ਦੱਸੀ; ਉਹਦੇ ਗੀਤਾਂ ਤੇ ਤਰਜ਼ਾਂ ਕਮਾਲ ਸਨ, ਉਸ ਨੇ ਅਮਰ ਚਿਤਰਕਾਰ, ਕਰਤਾਰ ਸਿੰਘ ਬਲੱਗਣ, ਨੰਦ ਲਾਲ ਨੂਰਪੁਰੀ, ਬਾਬੂ ਸਿੰਘ ਮਾਨ ਜਿਹੇ ਗੀਤਕਾਰਾਂ ਨੂੰ ਗਾਇਆ।’’ ਪ੍ਰਗਤੀਸ਼ੀਲ ਲੇਖਕ ਸਭਾ ਦੇ ਜਰਨਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ, ‘‘ਪੰਜਾਬ ਦੀ ਲੋਕ-ਪੱਖੀ ਗਾਇਕੀ ਨੂੰ ਪ੍ਰਣਾਇਆ ਗੀਤਕਾਰ ਅਮਰਜੀਤ ਗੁਰਦਾਸਪੁਰੀ ਇਪਟਾ ਲਹਿਰ ਦੇ ਬਾਨੀਆਂ ਵਿਚੋਂ ਸੀ। ਉਸ ਦੀ ਪੁਰਸੋਜ਼ ਆਵਾਜ਼ ਕਿਰਤੀਆਂ ਦੇ ਸੰਘਰਸ਼ ਦੀ ਆਵਾਜ਼ ਬਣੀ।’’ ਗਾਇਕ ਪੰਮੀ ਬਾਈ ਅਨੁਸਾਰ, ‘‘ਵਾਰਿਸ ਸ਼ਾਹ ਅਤੇ ਸੁਲਤਾਨ ਬਾਹੂ ਦੇ ਕਲਾਮ ਨੂੰ ਜਿੰਨੀ ਸ਼ਿੱਦਤ ਤੇ ਪੁਰਸੋਜ਼ ਆਵਾਜ਼ ਵਿਚ ਅਮਰਜੀਤ ਗੁਰਦਾਸਪੁਰੀ ਨੇ ਗਾਇਆ ਓਨੀ ਬੁਲੰਦੀ ਹੋਰ ਕਿਸੇ ਨੂੰ ਹਾਸਿਲ ਨਹੀਂ ਹੋਈ।’’ ਉੱਘੇ ਨਿਰਦੇਸ਼ਕ ਅਤੇ ਨਾਟਕਕਾਰ ਕੇਵਲ ਧਾਲੀਵਾਲ ਅਨੁਸਾਰ, ‘‘ਲੋਕ-ਸੰਘਰਸ਼ਾਂ ਤੇ ਅਮਨ ਦਾ ਹੋਕਾ ਦੇਣ ਵਾਲਾ ਅਤੇ ਹੀਰ ਨੂੰ ਇਕ ਅਨੂਠੇ ਰੰਗ ਵਿੱਚ ਪੇਸ਼ ਕਰਨ ਵਾਲਾ ਲੋਕ-ਗਾਇਕ ਤੁਰ ਗਿਆ ਹੈ।’’ ਇਤਿਹਾਸਕਾਰ ਸੁਮੇਲ ਸਿੰਘ ਨੇ ਕਿਹਾ, ‘‘ਅਮਰਜੀਤ ਗੁਰਦਾਸਪੁਰੀ ਦੀ ਆਵਾਜ਼ ਕਲਾਕਾਰਾਂ ਦੀ ਅਣਖ ਦਾ ਮੁਜੱਸਮਾ ਸੀ; ਉਹ ਹੀਰ ਵਾਰਿਸ ਨੂੰ ਗਾਉਣ ਵਾਲੇ ਇਕ ਸੰਸਥਾ ਸੀ; ਉਨ੍ਹਾਂ ਦੀ ਆਵਾਜ਼ ਵਿਚ ਰਾਵੀ ਦਾ ਕਣ ਸੀ; ਉਨ੍ਹਾਂ ਦੇ ਕੰਠ ਵਿਚ ਪੰਜਾਬ ਦੇ ਦਰਿਆਵਾਂ ਦੀ ਦਾਸਤਾਨ ਦਾ ਸਿਰਨਾਵਾਂ ਲੱਭਦਾ ਹੈ।’