ਨਿਜੀ ਪੱਤਰ ਪ੍ਰੇਰਕ
ਸੰਗਰੂਰ, 21 ਜੂਨ
ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਦਿਆਲਗੜ੍ਹ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਮੁੱਢੋਂ ਰੱਦ ਕਰਦਿਆਂ ਇਸ ਨੂੰ ਪੰਜਾਬ ਦੇ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਾਰ ਦਿੱਤਾ ਗਿਆ। ਮੀਟਿੰਗ ’ਚ ਯੂਨੀਅਨ ਆਗੂ ਲਖਵਿੰਦਰ ਸਿੰਘ ਗੱਗੜਪੁਰ, ਰਾਜੇਸਵਰ ਬਡਰੁੱਖਾਂ, ਅਵਤਾਰ ਸਿੰਘ ਸ਼ੇਰਪੁਰ, ਮਨਪ੍ਰੀਤ ਸਿੰਘ ਟਿੱਬਾ ਆਦਿ ਆਗੂ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਿਹੜੀ ਕੈਬਨਿਟ ਮੀਟਿੰਗ ਦੌਰਾਨ ਪੇਸ਼ ਕੀਤੀ ਹੈ, ਉਸ ਵਿਚ ਮੁਲਾਜ਼ਮਾਂ ਦੇ ਭੱਤੇ ਘਟਾ ਕੇ ਮੁਲਾਜ਼ਮਾਂ ਨੂੰ ਕੁੱਝ ਦੇਣ ਦੀ ਬਜਾਏ ਖੋਹਣ ਦੀ ਤਿਆਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਮੁੱਢੋਂ ਨਕਾਰਦੀ ਹੈ। ਉਨ੍ਹਾਂ ਦੱਸਿਆ ਕਿ ਯੂਨੀਅਨ ਵਲੋਂ ਭਲਕੇ 22 ਜੂਨ ਨੂੰ ਸੂਬਾ ਪੱਧਰੀ ਮੀਟਿੰਗ ਜਲੰਧਰ ਵਿਖੇ ਬੁਲਾਈ ਹੈ ਅਤੇ ਸਰਕਾਰ ਦੀ ਇਸ ਬੇਇਨਸਾਫ਼ੀ ਵਿਰੁੱਧ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ ਅਤੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਦੇ ਸਮੂਹ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੀ ਗੁੰਮਰਾਹਕੁੰਨ ਰਿਪੋਰਟ ਖਿਲਾਫ਼ ਇੱਕਜੁੱਟ ਹੋ ਕੇ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ।
ਮਾਲੇਰਕੋਟਲਾ (ਨਿੱਜੀ ਪੱਤਰ ਪੇ੍ਰਕ): 6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਕੇ ਆਮ ਜਨਤਾ ਵਿੱਚ ਪ੍ਰਭਾਵ ਦਿੱਤਾ ਜਾ ਰਿਹਾ ਹੈ ਕਿ ਮੁਲਾਜ਼ਮਾਂ ਨੂੰ ਵੱਡੇ ਗੱਫੇ ਦਿੱਤੇ ਗਏ ਹਨ ਅਤੇ ਤਨਖ਼ਾਹਾਂ ਵਿੱਚ 3 ਗੁਣਾ ਵਾਧਾ ਕੀਤਾ ਗਿਆ ਹੈ। ਸਰਕਾਰ ਦਾ ਇਹ ਪ੍ਰਭਾਵ ਸਚਾਈ ਤੋਂ ਕਿਤੇ ਦੂਰ ਹੈ ਕਿਉਂਕਿ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਮੁੱਢਲੀ ਤਨਖ਼ਾਹ ਵਿੱਚ 2.25 ਦਾ ਵਾਧਾ ਦੇਣ ਦੀ ਗੱਲ ਕੀਤੀ ਗਈ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ ਨੇ ਦੱਸਿਆ ਹੈ ਕਿ 5ਵੇਂ ਤਨਖ਼ਾਹ -ਕਮਿਸ਼ਨ ਵੱਲੋਂ ਕਲਰਕ, ਸਟੈਨੋ, ਸੀਨੀਅਰ ਸਹਾਇਕ, ਸੁਪਰਡੈਂਟ ਆਦਿ ਨੂੰ ਜੋ ਸਕੇਲ ਦਿੱਤੇ ਗਏ ਸਨ ਉਨ੍ਹਾਂ ਦੀ ਅਨਾਮਲੀ ਕੈਬਨਿਟ ਕਮੇਟੀ ਵੱਲੋਂ 2011 ਵਿੱਚ ਦੂਰ ਕਰਕੇ ਮਨਿਸਟੀਰੀਅਲ ਮੁਲਾਜ਼ਮਾਂ ਦੇ ਸਕੇਲਾਂ ਵਿੱਚ ਵਾਧਾ ਕੀਤਾ ਗਿਆ ਸੀ। ਪੰਜਾਬ ਸਰਕਾਰ ਹੁਣ 2011 ਵਿੱਚ ਮਿਲੇ ਲਾਭ ਨੂੰ 2.25 ਨਾਲ ਲਾਗੂ ਕਰਕੇ ਮਿਲੇ ਹੋਏ ਸਕੇਲ ਵਾਪਸ ਲੈਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨੂੰ ਪੰਜਾਬ ਦਾ ਹਰ ਮੁਲਾਜ਼ਮ ਕਿਸੇ ਵੀ ਕੀਮਤ ਵਿੱਚ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਇਹ ਵਾਧਾ 2.74 ਨਾਲ ਲਾਗੂ ਕੀਤਾ ਜਾਵੇ। ਉਹਨਾਂ ਦੱਸਿਆ ਕਿ ਇਸ ਵਿਰੁੱਧ ਮਨਿਸਟੀਰੀਅਲ ਮੁਲਾਜ਼ਮ ਸਮੂਹਿਕ ਰੂਪ ਵਿੱਚ 22 ਜੂਨ ਨੂੰ ਸਾਰੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਦਫ਼ਤਰਾਂ ਦਾ ਬਾਈਕਾਟ ਕਰਕੇ ਸਰਕਾਰ ਵਿਰੁੱਧ ਸੰਘਰਸ਼ ਦਾ ਬਿਗਲ ਵਜਾਉਣਗੇ। ਇਸ ਉਪਰੰਤ 23 ਜੂਨ ਤੋਂ 27 ਜੂਨਤੱਕ ਕਲਮਛੋੜ ਹੜਤਾਲ ਕਰਕੇ ਦਫ਼ਤਰੀ ਕੰਮ ਠੱਖ ਰੱਖਿਆ ਜਾਵੇਗਾ।
ਤਨਖਾਹ ਕਮਿਸ਼ਨ ਦੀ ਰਿਪੋਰਟ ਛਲਾਵਾ ਕਰਾਰ
ਰਾਜਪੁਰਾ (ਪੱਤਰ ਪ੍ਰੇਰਕ): ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਇੱਕ ਛਲਾਵਾ ਕਰਾਰ ਦਿੰਦਿਆਂ ਇਸ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ। ਗੌਰਮਿੰਟ ਟੀਚਰਜ਼ ਯੂਨੀਅਨ ਦੀ ਇਥੋਂ ਦੀ ਸ਼ਿਵਾਜੀ ਪਾਰਕ ਵਿਖੇ ਇੱਕ ਮੀਟਿੰਗ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘ ਹਰਪਾਲਪੁਰ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਦੀ ਸਾਂਝੀ ਅਗਵਾਈ ਵਿੱਚ ਹੋਈ ਜਿਸ ਵਿੱਚ ਬੁਲਾਰਿਆਂ ਨੇ ਕਿਹਾ ਕਿ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਵਿੱਚ ਮੁਲਾਜ਼ਮਾਂ ਨਾਲ ਵੱਡਾ ਧੋਖਾ ਹੋਇਆ ਹੈ। ਕਈ ਥਾਵਾਂ ’ਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਧਣ ਦੇ ਬਜਾਏ ਘੱਟ ਰਹੀ ਹੈ। ਤਨਖਾਹ ਕਮਿਸ਼ਨ ਨੇ ਮੁਲਾਜ਼ਮਾਂ ਦੇ ਭੱਤੇ ਵਧਾਉਣ ਦੀ ਬਜਾਏ ਘੱਟ ਕਰ ਦਿੱਤੇ ਹਨ। ਜਦੋਂ ਕਿ ਮਹਿੰਗਾਈ ਲਗਾਤਾਰ ਵੱਧ ਰਹੀ ਹੈ।