ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 5 ਅਕਤੂਬਰ
ਪੰਜਾਬ ਦੇ ਨਵੇਂ ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ ਅੱਜ ਕੱਚੇ ਅਧਿਆਪਕਾਂ ਸਮੇਤ ਵੱਖ-ਵੱਖ 15 ਮੁਲਾਜ਼ਮ ਜਥੇਬੰਦੀਆਂ ਅਤੇ ਬੇਰੁਜ਼ਗਾਰ ਨੌਜਵਾਨ ਯੂਨੀਅਨਾਂ ਦੀ ਮੀਟਿੰਗ ਬੇਸਿੱਟਾ ਰਹੀ। ਸਿੱਖਿਆ ਭਵਨ ਫੇਜ਼-8 ਦੇ ਬਾਹਰ ਲੜੀਵਾਰ ਧਰਨੇ ’ਤੇ ਬੈਠੇ ਕੱਚੇ ਅਧਿਆਪਕਾਂ, ਗਣਿਤ, ਸਾਇੰਸ ਟੀਚਰਜ਼, ਈਟੀਟੀ ਟੈੱਟ, ਆਲ ਪੰਜਾਬ ਆਂਗਨਵਾੜੀ ਯੂਨੀਅਨ, 1558 ਮੁੱਖ ਅਧਿਆਪਕ ਵੇਟਿੰਗ ਯੂਨੀਅਨ, ਨਵੀਂ ਬੇਰੁਜ਼ਗਾਰ ਪੀਟੀਆਈ ਯੂਨੀਅਨ ਪੰਜਾਬ, 2364 ਈਟੀਟੀ ਸਿਲੈਕਟਿਡ ਟੀਚਰ ਯੂਨੀਅਨ, ਵਿਸ਼ੇਸ਼ ਅਧਿਆਪਕ ਆਈਐੱਫਆਰਟੀ ਯੂਨੀਅਨ, ਬੇਰੁਜ਼ਗਾਰ ਪੀਟੀਆਈ 646 ਯੂਨੀਅਨ 2011, ਈਟੀਟੀ ਟੈੱਟ ਪਾਸ ਐਂਡ ਬੀਐੱਡ ਟੈੱਟ ਪਾਸ ਯੂਨੀਅਨ, ਆਲ ਪੰਜਾਬ ਡੀਪੀ ਬੇਰੁਜ਼ਗਾਰ ਯੂਨੀਅਨ, ਕੰਪਿਊਟਰ ਯੂਨੀਅਨ, ਨਵੀਂ ਬੇਰੁਜ਼ਗਾਰ ਡੀਪੀਆਈ ਯੂਨੀਅਨ, ਬੇਰੁਜ਼ਗਾਰ ਆਰਟ ਐਂਡ ਕਰਾਫ਼ਟ ਯੂਨੀਅਨ, ਬੀਐੱਡ ਟੈੱਟ ਪਾਸ ਯੂਨੀਅਨ ਅਤੇ ਓਵਰਏਜ ਬੇਰੁਜ਼ਗਾਰ ਯੂਨੀਅਨ ਦੇ ਮੋਹਰੀ ਆਗੂ ਅੱਜ ਦਿਨ ਭਰ ਇੱਧਰ ਉਧਰ ਖੱਜਲ-ਖੁਆਰ ਹੁੰਦੇ ਰਹੇ। ਆਗੂਆਂ ਨੇ ਦੱਸਿਆ ਕਿ ਅੱਜ ਸਵੇਰੇ 9 ਵਜੇ ਨਵੇਂ ਸਿੱਖਿਆ ਮੰਤਰੀ ਪਰਗਟ ਸਿੰਘ ਨਾਲ ਮੀਟਿੰਗ ਲਈ ਉਨ੍ਹਾਂ ਨੂੰ ਮੁਹਾਲੀ ਦੇ ਸਿੱਖਿਆ ਭਵਨ ਸੱਦਿਆ ਗਿਆ ਸੀ ਪ੍ਰੰਤੂ ਅੱਜ ਪਹਿਲੀ ਮੁਲਾਕਾਤ ਦੌਰਾਨ ਨਿਰਾਸ਼ਾ ਹੀ ਉਨ੍ਹਾਂ ਦੇ ਪੱਲੇ ਪਈ ਹੈ। ਸਾਰੀਆਂ ਜਥੇਬੰਦੀਆਂ ਦੇ ਮੋਹਰੀ ਆਗੂ ਅੱਜ ਸਵੇਰੇ ਸਾਢੇ 8 ਵਜੇ ਹੀ ਮੁਹਾਲੀ ਪਹੁੰਚ ਗਏ ਅਤੇ ਸਾਢੇ 12 ਵਜੇ ਤੱਕ ਮੰਤਰੀ ਨਹੀਂ ਆਏ। ਫਿਰ ਉਨ੍ਹਾਂ ਨੂੰ ਫੋਨ ’ਤੇ ਸੁਨੇਹਾ ਲਾਇਆ ਗਿਆ ਕਿ ਉਹ ਪੰਜਾਬ ਸਿਵਲ ਸਕੱਤਰੇਤ ਆ ਜਾਣ। ਇਸ ਤਰ੍ਹਾਂ ਸਾਰੀਆਂ ਯੂਨੀਅਨ ਦੇ ਆਗੂ ਉੱਥੇ ਪਹੁੰਚ ਗਏ ਅਤੇ 3 ਵਜੇ ਤੱਕ ਮੰਤਰੀ ਨਹੀਂ ਮਿਲੇ। ਫਿਰ 4 ਵਜੇ ਉਨ੍ਹਾਂ ਨੂੰ ਪੰਜਾਬ ਭਵਨ ਆਉਣ ਲਈ ਕਿਹਾ ਗਿਆ। ਇਸ ਮਗਰੋਂ ਉਨ੍ਹਾਂ ਨੂੰ ਮੰਤਰੀ ਨੇ ਆਪਣੀ ਰਿਹਾਇਸ਼ ’ਤੇ ਸੱਦ ਲਿਆ ਅਤੇ ਸਾਰੀਆਂ ਜਥੇਬੰਦੀਆਂ ਨੂੰ ਮਹਿਜ਼ 5 ਤੋਂ 10 ਮਿੰਟ ਗੱਲ ਕਰਨ ਦਾ ਸਮਾਂ ਦਿੱਤਾ ਗਿਆ। ਇਸ ਦੌਰਾਨ ਪਰਗਟ ਸਿੰਘ ਸਾਰਿਆਂ ਨੂੰ ਇਹੀ ਗੱਲ ਕਹਿੰਦੇ ਰਹੇ ਕਿ ਉਹ ਹਾਲੇ ਨਵੇਂ ਮੰਤਰੀ ਬਣੇ ਹਨ ਅਤੇ ਸਿੱਖਿਆ ਸਕੱਤਰ ਵੀ ਨਵੇਂ ਆਏ ਹਨ। ਲਿਹਾਜ਼ਾ ਉਨ੍ਹਾਂ ਨੂੰ ਥੋੜ੍ਹਾ ਸਮਾਂ ਦਿੱਤਾ ਜਾਵੇ।
ਸਰਕਾਰ ਮੁਲਾਜ਼ਮ ਮੰਗਾਂ ਪ੍ਰਤੀ ਗੰਭੀਰ ਨਹੀਂ: ਔਲਖ
ਕੱਚੇ ਅਧਿਆਪਕ ਯੂਨੀਅਨ ਦੇ ਸੂਬਾ ਕਨਵੀਨਰ ਅਜਮੇਰ ਸਿੰਘ ਔਲਖ, ਦਵਿੰਦਰ ਸਿੰਘ ਸੰਧੂ, ਸਤਿੰਦਰ ਸਿੰਘ ਕੰਗ ਅਤੇ ਗੁਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਸਰਕਾਰ ਭਾਵੇਂ ਕੋਈ ਵੀ ਹੋਵੇ ਮੁਲਾਜ਼ਮ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਾਰੇ ਮਸਲੇ ਹੱਲ ਹੋਣ ਦੀ ਉਮੀਦ ਸੀ ਪ੍ਰੰਤੂ ਉਹ ਨਿਰਾਸ਼ ਹੋ ਕੇ ਵਾਪਸ ਪਰਤੇ ਹਨ। ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਕੱਚੇ ਅਧਿਆਪਕਾਂ ਦੀਆਂ ਮੰਗਾਂ ਪ੍ਰਵਾਨ ਕਰ ਕੇ ਬੀਤੀ 7 ਸਤੰਬਰ ਨੂੰ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ 8393 ਅਸਾਮੀਆਂ ਦੀ ਭਰਤੀ ਲਈ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ, ਪ੍ਰੰਤੂ ਹੁਣ ਤੱਕ ਅੱਗੇ ਕਾਰਵਾਈ ਨਹੀਂ ਤੁਰੀ ਜਿਸ ਕਾਰਨ ਕੱਚੇ ਅਧਿਆਪਕਾਂ ਦਾ ਲੜੀਵਾਰ ਧਰਨਾ ਜਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਮਸਲਾ ਹੱਲ ਨਹੀਂ ਹੋਇਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਪਹਿਲਾਂ ਵਾਂਗ ਗੁਪਤ ਐਕਸ਼ਨ ਕੀਤੇ ਜਾਣਗੇ।