ਕੁਲਦੀਪ ਸਿੰਘ
ਚੰਡੀਗੜ੍ਹ, 28 ਜਨਵਰੀ
ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ.ਟੀ ਚੰਡੀਗੜ੍ਹ ਨੇ ਅੱਜ ਕਿਸਾਨ ਭਵਨ, ਚੰਡੀਗੜ੍ਹ ਵਿੱਚ ਹੰਗਾਮੀ ਮੀਟਿੰਗ ਕੀਤੀ। ਸੁਖਚੈਨ ਸਿੰਘ ਖਹਿਰਾ, ਖੁਸ਼ਿਵੰਦਰ ਕਪਿਲਾ, ਕਰਮ ਸਿੰਘ ਧਨੋਆ, ਸੁਖਜੀਤ ਸਿੰਘ, ਗੁਰਸ਼ਰਨਜੀਤ ਸਿੰਘ ਹੁੰਦਲ ਅਤੇ ਪਰਵਿੰਦਰ ਸਿੰਘ ਖੰਘੂੜਾ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਮੰਚ ਦੀ ਬਣਤਰ ਅਤੇ ਕਾਰਜਕਾਰਨੀ ਬਾਰੇ ਚਰਚਾ ਕੀਤੀ ਗਈ।
ਪਿਛਲੇ ਦਿਨੀਂ ਫਰੰਟ ਵੱਲੋਂ ਜਥੇਬੰਦੀ ਦਾ ਵਿਸਥਾਰ ਕਰਨ ਸਬੰਧੀ ਹੋਏ ਫ਼ੈਸਲੇ ਦੇ ਮੱਦੇਨਜ਼ਰ ਮੰਚ ਨੇ ਫਰੰਟ ਨੂੰ ਨੁਮਾਇੰਦੇ ਦੇਣ ਦਾ ਫ਼ੈਸਲਾ ਲਿਆ। ਜਥੇਬੰਦੀਆਂ ਨੇ ਸਰਬਸੰਮਤੀ ਨਾਲ ਸੂਬਾ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ 4 ਫ਼ਰਵਰੀ ਨੂੰ ਸੈਕਟਰ 17 ਚੰਡੀਗੜ੍ਹ ਵਿੱਚ ਰੈਲੀ ਕਰਨ ਦਾ ਫ਼ੈਸਲਾ ਲਿਆ ਹੈ, ਜਿਸ ਵਿੱਚ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ‘ਘਰ-ਘਰ ਰੁਜ਼ਗਾਰ’ ਦੇਣ ਦੇ ਕੀਤੇ ਵਾਅਦੇ ਦੀ ਪੋਲ ਖੋਲ੍ਹੀ ਜਾਵੇਗੀ।
ਜਥੇਬੰਦੀਆਂ ਵੱਲੋਂ 12 ਫਰਵਰੀ ਨੂੰ ਮੁਲਾਜ਼ਮ ਮੰਗਾਂ ਸਬੰਧੀ ਮੁਹਾਲੀ ਵਿੱਚ ਪੰਜਾਬ ਪੱਧਰੀ ਰੈਲੀ ਕੱਢਣ ਦਾ ਫ਼ੈਸਲਾ ਵੀ ਲਿਆ। ਮੁਹਾਲੀ ਨਗਰ ਨਿਗਮ ਚੋਣਾਂ ਵਿੱਚ ਵੀ ਕਾਂਗਰਸ ਪਾਰਟੀ ਖ਼ਿਲਾਫ਼ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਪਰਚੇ ਵੰਡਣ ਦਾ ਐਲਾਨ ਕੀਤਾ ਗਿਆ।
ਬੇਰੁਜ਼ਗਾਰ ਸਾਂਝਾ ਮੋਰਚਾ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਬੇਸਿੱਟਾ
ਸੰਗਰੂਰ (ਗੁਰਦੀਪ ਸਿੰਘ ਲਾਲੀ): ਰੁਜ਼ਗਾਰ ਦੀ ਮੰਗ ਨੂੰ ਲੈ ਕੇ ਇਥੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪਿਛਲੇ 29 ਦਿਨਾਂ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰ ਸਾਂਝਾ ਮੋਰਚਾ ਦੀ ਸਿੱਖਿਆ ਮੰਤਰੀ, ਮੁੱਖ ਸਕੱਤਰ ਅਤੇ ਸਕੂਲ ਸਿੱਖਿਆ ਸਕੱਤਰ ਨਾਲ ਚੰਡੀਗੜ੍ਹ ਵਿੱਚ ਪੈਨਲ ਮੀਟਿੰਗ ਹੋਈ। ਬੇਰੁਜ਼ਗਾਰ ਸਾਂਝਾ ਮੋਰਚਾ ਦੇ ਸੂਬਾ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਕ੍ਰਿਸ਼ਨ ਸਿੰਘ ਨਾਭਾ, ਜਗਸੀਰ ਸਿੰਘ ਘੁਮਾਣ, ਹਰਜਿੰਦਰ ਸਿੰਘ ਝੁਨੀਰ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਬੇਸਿੱਟਾ ਰਹੀ। ਆਗੂਆਂ ਨੇ ਦੱਸਿਆ ਕਿ ਬੇਰੁਜ਼ਗਾਰਾਂ ਦੀ ਕੋਈ ਵੀ ਮੰਗ ਨਹੀਂ ਮੰਨੀ ਗਈ ਅਤੇ ਨਾ ਹੀ ਅਗਲੀ ਭਰਤੀ ਸਬੰਧੀ ਐਲਾਨ ਕੀਤਾ ਗਿਆ। ਸੂਬਾ ਆਗੂਆਂ ਨੇ ਐਲਾਨ ਕੀਤਾ ਕਿ 31 ਦਸੰਬਰ ਤੋਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਚੱਲ ਰਿਹਾ ਪੱਕਾ ਮੋਰਚਾ ਜਾਰੀ ਰਹੇਗਾ ਅਤੇ 31 ਜਨਵਰੀ ਨੂੰ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰਾਂ ਵਲੋਂ ਸੂਬਾ ਪੱਧਰੀ ਮਹਾਂ ਰੈਲੀ ਕੀਤੀ ਜਾਵੇਗੀ।