ਕੁਲਦੀਪ ਸਿੰਘ
ਚੰਡੀਗੜ੍ਹ, 29 ਮਈ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੀ ਮੀਟਿੰਗ ਦਰਸ਼ਨ ਸਿੰਘ ਲੁਬਾਣਾ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਕੌਮੀ ਆਗੂ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ਵਿੱਚ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਅਤੇ ਫੈਡਰੇਸ਼ਨ ਦੇ ਸੂਬਾਈ ਆਗੂ ਦਰਸ਼ਨ ਸਿੰਘ ਲੁਬਾਣਾ, ਰਣਬੀਰ ਢਿੱਲੋਂ, ਜਗਦੀਸ਼ ਸਿੰਘ ਚਾਹਲ, ਚਰਨ ਸਿੰਘ ਸਰਾਭਾ, ਬਲਕਾਰ ਵਲਟੋਹਾ, ਕਰਤਾਰ ਸਿੰਘ ਪਾਲ, ਰਣਜੀਤ ਸਿੰਘ ਰਾਣਵਾਂ, ਹਰਭਜਨ ਸਿੰਘ ਪਿਲਖਣੀ, ਗੁਰਮੇਲ ਸਿੰਘ ਮੈਲਡੇ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਕੁੱਝ ਦਿਨ ਪਹਿਲਾਂ 6ਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਜਨਤਕ ਕੀਤੀ ਗਈ ਹੈ ਜੋ ਕਿ ਕੇਂਦਰੀ ਤਨਖ਼ਾਹ ਸਕੇਲਾਂ ਦੇ ਆਧਾਰ ’ਤੇ ਬਣਾਈ ਗਈ ਹੈ ਅਤੇ ਉਹ ਰਿਪੋਰਟ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਤੇ ਸਬੰਧਿਤ/ ਸਹਿਯੋਗੀ ਜਥੇਬੰਦੀਆਂ ਵੱਲੋਂ ਮਾਸਟਰ ਗਰੇਡ ਲਾਗੂ ਕਰਨ ਦੀ ਮੰਗ ਸਣੇ ਠੇਕਾ ਤੇ ਆਊਟ ਸੋਰਸ ਸਕੀਮ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਸਿਫ਼ਾਰਸ਼ ਕਰਨ ਦੀ ਕੀਤੀ ਜਾ ਚੁੱਕੀ ਮੰਗ ਤਰਕਸੰਗਤ ਹੈ। ਜੇ ਸਰਕਾਰ ਨੇ ਧੱਕੇਸ਼ਾਹੀ ਦੀ ਕੋਸ਼ਿਸ਼ ਕੀਤੀ ਤਾਂ ਵਿਰੋਧ ਕੀਤਾ ਜਾਵੇਗਾ।
ਸੱਜਣ ਸਿੰਘ ਦੀ ਯਾਦ ਵਿਚ ਸਮਾਗਮ 15 ਨੂੰ
ਕਰੋਨਾ ਮਹਾਮਾਰੀ ਦੀ ਲਪੇਟ ਵਿੱਚ ਆ ਕੇ ਸਦੀਵੀ ਵਿਛੋੜਾ ਦੇ ਚੁੱਕੇ ਕਾਮਰੇਡ ਸੱਜਣ ਸਿੰਘ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਫ਼ੈਸਲਾ ਕੀਤਾ ਗਿਆ ਕਿ ਮਰਹੂਮ ਦਾ ਸੂਬਾ ਪੱਧਰੀ ਸ਼ਰਧਾਂਜਲੀ ਸਮਾਰੋਹ ਕੋਵਿਡ-19 ਪ੍ਰੋਟੋਕੋਲ ਨੂੰ ਧਿਆਨ ਵਿੱਚ ਰੱਖਦਿਆਂ 15 ਜੂਨ ਨੂੰ ਮੁਹਾਲੀ ਵਿਚ ਕੀਤਾ ਜਾਵੇਗਾ।