ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਮਾਰਚ
ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ’ਤੇ ਅੱਜ ਲੋਕ ਨਿਰਮਾਣ ਵਿਭਾਗ ਦੇ ਮੁੱਖ ਦਫ਼ਤਰ ਵਿਖੇ ‘ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ’ ਅਤੇ ‘ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ’ ਦੀ ਅਗਵਾਈ ਹੇਠ ਤੀਜਾ ਤੇ ਚੌਥਾ ਦਰਜਾ ਸਮੇਤ ਟੈਕਨੀਕਲ ਕਾਮਿਆਂ ਨੇ ਸਮੂਹਿਕ ਭੁੱਖ ਹੜਤਾਲ ਸ਼ੁਰੂ ਕੀਤੀ। ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਰਾਜਿੰਦਰਾ ਹਸਪਤਾਲ ਮੁਲਾਜ਼ਮਾਂ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ ਬੰਗਾ ਸਮੇਤ ਮੁਲਾਜ਼ਮਾਂ ਦਾ 51 ਮੈਂਬਰੀ ਜਥਾ ਭੁੱਖ ਦਿਨ ਭਰ ਹੜਤਾਲ਼ ’ਤੇ ਬੈਠਿਆ ਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ।
ਸ੍ਰੀ ਲੁਬਾਣਾ ਨੇ ਆਖਿਆ ਕਿ ਕੁਝ ਦਿਨ ਪਹਿਲਾਂ ਸਰਕਾਰ ਨੇ ਲੋਕ ਨਿਰਮਾਣ ਵਿਭਾਗ ਦੇ ਪੁਨਰਗਠਨ ਸਬੰਧੀ ਵੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਨਾਲ ਹਜ਼ਾਰਾਂ ਮੁਲਾਜ਼ਮਾਂ ’ਤੇ ਛਾਂਟੀ ਦੀ ਤਲਵਾਰ ਲਟਕ ਗਈ ਹੈ। ਮੁਲਾਜ਼ਮ ਆਗੂ ਨੇ ਆਖਿਆ ਕਿ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਤੀਜਾ ਤੇ ਚੌਥਾ ਦਰਜਾ ਸਮੇਤ ਵਿਭਾਗ ਦੇ ਟੈਕਨੀਕਲ ਮੁਲਾਜ਼ਮਾਂ ਵੱਲੋਂ ਵੀ ਪੰਜਾਬ ਭਰ ਵਿਚ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਅਗਾਹ ਕੀਤਾ ਕਿ ਮੁਲਾਜ਼ਮ ਮਾਰੂ ਮਨਸੂਬਿਆਂ ਨੂੰ ਮੁਲਾਜ਼ਮ ਵਰਗ ਰਲ਼ ਕੇ ਖੁੰਢਾ ਕਰ ਸੁੱਟੇਗਾ। ਲੁਬਾਣਾ ਦਾ ਕਹਿਣਾ ਸੀ ਇਹ ਭੁੱਖ ਹੜਤਾਲ 10 ਮਾਰਚ ਤੱਕ ਜਾਰੀ ਰੱਖੀ ਜਾਵੇਗੀ ਤੇ ਰੋਜ਼ਾਨਾ ਹੀ ਮੁਲਾਜ਼ਮਾਂ ਦਾ 51 ਮੈਂਬਰੀ ਜਣੇ ਭੁੱਖ ਹੜਤਾਲ਼ ’ਤੇ ਬੈਠਿਆ। ਇਸ ਮੌਕੇ ਰਾਮ ਕਿਸ਼ਨ, ਜਗਮੋਹਨ ਨੌਲੱਖਾ, ਸੂਰਜਪਾਲ ਯਾਦਵ, ਗੁਰਦਰਸ਼ਨ ਸਿੰਘ, ਪ੍ਰੀਤਮ ਚੰਦ ਠਾਕੁਰ, ਬਲਬੀਰ ਸਿੰਘ, ਜਗਜੀਤ ਲੱਡੂ, ਓਂਕਾਰ ਸਿੰਘ ਤੇ ਹੋਰ ਹਾਜ਼ਰ ਸਨ।
ਲਖਵਿੰਦਰ ਸਿੰਘ ਤੇ ਛੱਜੂ ਰਾਮ ਸਮੇਤ ਪੰਜਾਬ ਸੁਬਾਰਡਨੇਟ ਸਰਵਿਸਿਜ਼ ਫੈਡਰੇਸ਼ਨ ਦੇ 21 ਹੋਰ ਮੁਲਾਜ਼ਮ ਆਗੂਆਂ ਨੇ ਵੀ ਡੀ.ਸੀ ਦਫ਼ਤਰ ਦੇ ਬਾਹਰ ਭੁੱਖ ਹੜਤਾਲ਼ ਕਰਦਿਆਂ ਰੋਸ ਰੈਲੀ ਵੀ ਕੀਤੀ। ਜਿਸ ਨੂੰ ਜਲ ਸਰੋਤ ਵਿਭਾਗ ਦੇ ਜ਼ੋਨ ਪ੍ਰਧਾਨ ਜਸਬੀਰ ਖੋਖਰ ਸਮੇਤ ਕਈ ਹੋਰਨਾਂ ਨੇ ਵੀ ਸੰਬੋਧਨ ਕੀਤਾ।