ਕੁਲਦੀਪ ਸਿੰਘ
ਚੰਡੀਗੜ੍ਹ, 21 ਅਕਤੂਬਰ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਪਿਛਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸੀ ਸਰਕਾਰਾਂ ਦੇ ਰਿਕਾਰਡ ਤੋੜਦਿਆਂ ਅੱਜ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 6 ਫੀਸਦੀ ਮਹਿੰਗਾਈ ਭੱਤਾ ਦੇਣ ਅਤੇ ਸਾਲ-2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਐਲਾਨ ਕਰਨ ਨਾਲ ਸਮੁੱਚੇ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਵਿੱਚ ਖੁਸ਼ੀ ਦਾ ਮਾਹੌਲ ਹੈ। ਅੱਜ ਕੈਬਨਿਟ ਮੀਟਿੰਗ ਵਿੱਚ ਉਕਤ ਫ਼ੈਸਲਾ ਲੈਣ ਉਪਰੰਤ ਮੀਡੀਆ ਰਾਹੀਂ ਕੀਤੇ ਐਲਾਨ ਨਾਲ ਮੁਲਾਜ਼ਮ ਵਰਗ ਵੱਲੋਂ ਜਿੱਥੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਲੋਕ ਸੰਪਰਕ ਵਿਭਾਗ ਦੇ ਮੰਤਰੀ ਅਮਨ ਅਰੋੜਾ ਦੀ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ, ਉਥੇ ਹੀ ਇੱਕ ਦੂਸਰੇ ਨੂੰ ਵਧਾਈਆਂ ਵੀ ਦਿੱਤੀਆਂ ਗਈਆਂ। ‘ਆਪ’ ਦੇ ਮੁਲਾਜ਼ਮ ਵਿੰਗ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ, ਮੀਤ ਪ੍ਰਧਾਨ ਬਚਿੱਤਰ ਸਿੰਘ, ਖੁਸ਼ਿਵੰਦਰ ਕਪਿਲਾ ਅਤੇ ਪੈਨਸ਼ਨਰ ਆਗੂ ਦਰਸ਼ਨ ਸਿੰਘ ਪਤਲੀ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੁਣਾਏ ਗਏ ਉਕਤ ਇਤਿਹਾਸਕ ਫ਼ੈਸਲੇ ਨੇ ਪਿਛਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀਆਂ ਦੀਆਂ ਸਰਕਾਰਾਂ ਨੂੰ ਪਛਾੜ ਦਿੱਤਾ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਨੇ ਦੋ ਮਹਿੰਗਾਈ ਭੱਤੇ ਇਕੱਠੇ ਦਿੱਤੇ ਹੋਣ, ਇਸ ਦੇ ਨਾਲ ਹੀ ਬਕਾਏ ਦੇਣ ਦੀ ਵੀ ਹਾਮੀ ਭਰੀ ਹੈ। ਉਨ੍ਹਾਂ ਕਿਹਾ ਕਿ ਹੁਣ ਨਵੇਂ ਕਰਮਚਾਰੀਆਂ ਨੂੰ ਐੱਨਪੀਐੱਸ ਦੇ ਫਾਰਮ ਨਹੀਂ ਭਰਨੇ ਪੈਣਗੇ। ਸਾਂਝਾ ਮੁਲਾਜ਼ਮ ਫਰੰਟ ਪੰਜਾਬ ਤੇ ਯੂਟੀ ਚੰਡੀਗੜ੍ਹ ਦੇ ਸੂਬਾ ਕਨਵੀਨਰ ਸੁਖਚੈਨ ਸਿੰਘ ਖਹਿਰਾ, ਐੱਸਸੀ/ਬੀਸੀ ਅਧਿਆਪਕ ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਸਲਾਣਾ, ਪੰਜਾਬ ਸਿਵਲ ਸਕੱਤਰੇਤ ਐਸੋਸੀਏਸ਼ਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਰੰਧਾਵਾ, ਪਰਸਨਲ ਸਟਾਫ਼ ਐਸੋਸੀਏਸ਼ਨ ਦੇ ਆਗੂ ਮਲਕੀਤ ਸਿੰਘ ਔਜਲਾ, ਕਾਉਂਸਲ ਆਫ਼ ਡਿਪਲੋਮਾ ਇੰਜਨੀਅਰਜ਼ ਦੇ ਚੇਅਰਮੈਨ ਮਨਜਿੰਦਰ ਸਿੰਘ ਮੱਤੇਨੰਗਲ, ਦਿਲਪ੍ਰੀਤ ਸਿੰਘ ਲੋਹਟ ਆਦਿ ਨੇ ਵੀ ਸਰਕਾਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਸੀਪੀਐੱਫ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੁਰਾਣੀ ਪੈਨਸ਼ਨ ਸਕੀਮ ਸਾਲ 1972 ਵਾਲੇ ਨਿਯਮਾਂ ਮੁਤਾਬਕ ਹੀ ਲਾਗੂ ਕੀਤੀ ਜਾਵੇ।
ਕਲਮ ਛੱਡੋ ਤੇ ਕੰਪਿਊਟਰ ਬੰਦ ਹੜਤਾਲ ਖ਼ਤਮ
ਪੀਐੱਸਐੱਮਐੱਸਯੂ ਦੇ ਸੂਬਾ ਚੇਅਰਮੈਨ ਮੇਘ ਸਿੰਘ ਸਿੱਧੂ, ਪ੍ਰਧਾਨ ਵਾਸਵੀਰ ਸਿੰਘ ਭੁੱਲਰ, ਜਨਰਲ ਸਕੱਤਰ ਮਨਦੀਪ ਸਿੰਘ ਸਿੱਧੂ, ਮੁੱਖ ਬੁਲਾਰੇ ਗੁਰਨਾਮ ਸਿੰਘ ਵਿਰਕ ਆਦਿ ਨੇ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਅੱਜ ਦੇ ਦੋਵੇਂ ਐਲਾਨਾਂ ਉਪਰੰਤ ਮਨਿਸਟੀਰੀਅਲ ਕਾਮਿਆਂ ਦੀ ਸੂਬਾ ਪੱਧਰੀ ਹੜਤਾਲ ਸਮਾਪਤ ਕਰ ਦਿੱਤੀ ਗਈ ਹੈ।