ਕੁਲਦੀਪ ਸਿੰਘ
ਚੰਡੀਗੜ੍ਹ, 6 ਜੂਨ
ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਦੀ ਵਾਰ-ਵਾਰ ਵਧਾਈ ਜਾ ਰਹੀ ਮਿਆਦ ਤੋਂ ਸਮੁੱਚੇ ਮੁਲਾਜ਼ਮ ਅਤੇ ਪੈਨਸ਼ਨਰ ਨਿਰਾਸ਼ ਹਨ। ਜਥੇਬੰਦੀਆਂ ਦੇ ਮੁਲਾਜ਼ਮ ਆਗੂਆਂ ਸੁਖਚੈਨ ਸਿੰਘ ਖਹਿਰਾ, ਗੁਰਿੰਦਰ ਸਿੰਘ ਭਾਟੀਆ, ਕੁਲਵੰਤ ਸਿੰਘ ਸੁਸ਼ੀਲ ਕੁਮਾਰ, ਜਸਵੀਰ ਕੌਰ, ਸੁਦੇਸ਼ ਕੁਮਾਰੀ ਤੇ ਮਿਥੁਨ ਚਾਵਲਾ ਨੇ ਕਿਹਾ ਕਿ ਜੇਕਰ ਸਰਕਾਰ ਮੁਲਾਜ਼ਮਾਂ ਵਿਰੁੱਧ ਛੇਵੇਂ ਤਨਖਾਹ ਕਮਿਸ਼ਨ ਨੂੰ ਇੰਨਾ ਜ਼ਿਆਦਾ ਲਮਕਾਉਣ ਸਮੇਤ ਹੋਰ ਮੰਗਾਂ ਪ੍ਰਤੀ ਆਪਣੀਆਂ ਕੋਝੀਆਂ ਚਾਲਾਂ ਤੋਂ ਬਾਜ਼ ਨਾ ਆਈ ਤਾਂ ਮੁਲਾਜ਼ਮਾਂ ਵੱਲੋਂ ‘ਕਲਮ ਛੱਡੋ ਹੜਤਾਲ’ ਅਤੇ ‘ਚੱਕਾ ਜਾਮ’ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਸਰਕਾਰ ਹਰ ਵਾਰ ਮੀਟਿੰਗਾਂ ਵਿੱਚ ਵਾਅਦੇ ਕਰਕੇ ਮੁੱਕਰ ਜਾਂਦੀ ਹੈ। ਹੁਣ ਉਨ੍ਹਾਂ ਨੂੰ ਹਾਲ ਹੀ ਵਿਚ ਹੋਈ ਪੰਜਾਬ ਵਜ਼ਾਰਤ ਦੀ ਮੀਟਿੰਗ ਤੋਂ ਕਾਫੀ ਉਮੀਦ ਸੀ ਕਿ ਮੀਟਿੰਗ ਦੌਰਾਨ ਛੇਵੇਂ ਤਨਖਾਹ ਕਮਿਸ਼ਨ ਨੂੰ ਹਰੀ ਝੰਡੀ ਦੇ ਕੇ ਮੁਲਾਜ਼ਮਾਂ ਨੂੰ ਰਾਹਤ ਦਿੱਤੀ ਜਾਵੇਗੀ ਪਰ ਹਰ ਵਾਰ ਦੀ ਤਰ੍ਹਾਂ ਮੁਲਾਜ਼ਮਾਂ ਦੇ ਪੱਲੇ ਨਿਰਾਸ਼ਾ ਹੀ ਪਈ। ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਕਨਵੀਨਰ ਪ੍ਰੇਮ ਸਾਗਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਰਣਬੀਰ ਸਿੰਘ ਢਿੱਲੋਂ, ਕਰਮ ਸਿੰਘ ਧਨੋਆ, ਕਰਤਾਰ ਸਿੰਘ ਪਾਲ, ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਤਨਖਾਹ ਕਮਿਸ਼ਨ ਬਾਰੇ ਸਰਕਾਰ ਵੱਲੋਂ ਲਗਾਤਾਰ ਝੂਠ ਬੋਲਣ ’ਤੇ ਸਰਕਾਰ ਦੀਆਂ ਥਾਂ-ਥਾਂ ਅਰਥੀਆਂ ਫੂਕੀਆਂ ਜਾਣਗੀਆਂ।
ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਜੁਲਾਈ ’ਚ ਸੰਭਵ: ਮਨਪ੍ਰੀਤ
ਮੋਗਾ: ਸੂਬੇ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਕ ਸਵਾਲ ਦੇ ਜਵਾਬ ਵਿੱਚ ਆਖਿਆ ਕਿ ਭਾਵੇਂ 6ਵੇਂ ਪੇਅ ਕਮਿਸ਼ਨ ਦੀ ਮਿਆਦ 31 ਅਗਸਤ ਤੱਕ ਹੈ ਪਰ ਰਿਪੋਰਟ ਜੁਲਾਈ ਮਹੀਨੇ ’ਚ ਆਉਣ ਦੀ ਸੰਭਾਵਨਾ ਹੈ।