ਕੁਲਦੀਪ ਸਿੰਘ
ਚੰਡੀਗੜ੍ਹ, 31 ਅਗਸਤ
ਪੰਜਾਬ ਦੇ ਮੁਲਾਜ਼ਮ ਸੰਗਠਨਾਂ ਨਾਲ ਮੁਲਜ਼ਮ ਮੰਗਾਂ ਬਾਰੇ ਹਫ਼ਤੇ ਦੇ ਵਕਫ਼ੇ ਬਾਅਦ ਅੱਜ ਖਜ਼ਾਨਾ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨਾਲ ਇੱਥੇ ਪੰਜਾਬ ਭਵਨ ਵਿੱਚ ਹੋਈ ਮੀਟਿੰਗ ਵੀ ਬੇਸਿੱਟਾ ਰਹੀ। ਖਜ਼ਾਨਾ ਮੰਤਰੀ ਨੇ ਆਪਣੇ ਲੱਛੇਦਾਰ ਭਾਸ਼ਣਾਂ ਨਾਲ ਇੱਕ ਵਾਰ ਮੁਲਾਜ਼ਮਾਂ ਨੂੰ ਠੰਢੇ ਕਰਦਿਆਂ ਉਨ੍ਹਾਂ ਦੇ ਮੰਗ ਪੱਤਰ ’ਤੇ ਘੋਖ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਹੋਰ ਸਮਾਂ ਮੰਗ ਲਿਆ ਹੈ। ਮੀਟਿੰਗ ਮਗਰੋਂ ਮੁਲਾਜ਼ਮ ਖੇਮੇ ’ਚ ਇਹ ਚਰਚਾ ਹੁੰਦੀ ਰਹੀ ਕਿ ਖਜ਼ਾਨਾ ਮੰਤਰੀ ਨੇ ਹਫ਼ਤੇ ਦਾ ਸਮਾਂ ਮੰਗ ਕੇ ਪਾਣੀ ਵਿੱਚ ਮਧਾਣੀ ਪਾਉਣ ਦਾ ਕੰਮ ਕੀਤਾ ਹੈ।
ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ.ਟੀ. ਦੇ ਸੰਚਾਲਕ ਸੁਖਚੈਨ ਸਿੰਘ ਖਹਿਰਾ ਤੇ ਪੀ.ਐੱਸ.ਐੱਮ.ਐੱਸ.ਯੂ. ਦੇ ਸੂਬਾ ਪ੍ਰਧਾਨ ਮੇਘ ਸਿੰਘ ਸਿੱਧੂ ਨੇ ਦੱਸਿਆ ਕਿ ਮੰਤਰੀ ਨੇ ਪ੍ਰਬੰਧਕੀ ਸਕੱਤਰਾਂ ਨਾਲ ਮੰਗਾਂ ਘੋਖਣ ਲਈ ਹਫ਼ਤੇ ਦਾ ਸਮਾਂ ਮੰਗਿਆ ਹੈ।
ਜ਼ਿਕਰਯੋਗ ਹੈ ਕਿ ਹੜਤਾਲਾਂ ਜਿਹੇ ਤਿੱਖੇ ਸੰਘਰਸ਼ਾਂ ਦੇ ਚੱਲਦਿਆਂ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਰਕਾਰ ਅਤੇ ਮੁਲਾਜ਼ਮ ਸੰਗਠਨਾਂ ਵਿਚਾਲੇ ਕੜੀ ਦਾ ਕੰਮ ਕੀਤਾ ਜਿਸ ਦੇ ਸਿੱਟੇ ਵਜੋਂ ਗ਼ੈਰ-ਵਿੱਤੀ ਮੰਗਾਂ ’ਤੇ ਸਹਿਮਤੀ ਬਣ ਗਈ ਅਤੇ ਮੁੱਖ ਮੰਤਰੀ ਪੰਜਾਬ ਨੇ ਖ਼ੁਦ ਦਸਤਖ਼ਤ ਕੀਤੇ ਸਨ। ਮੁੱਖ ਮੰਤਰੀ ਵੱਲੋਂ ਮੁਲਾਜ਼ਮ ਸੰਗਠਨਾਂ ਨੂੰ ਗੱਲਬਾਤ ਦੀ ਅਪੀਲ ਮਗਰੋਂ 26 ਅਗਸਤ ਨੂੰ ਵਿੱਤ ਮੰਤਰੀ ਨਾਲ ਮੀਟਿੰਗ ਤੈਅ ਕਰਵਾਈ ਗਈ ਸੀ ਜੋ ਕੁਝ ਕਾਰਨਾਂ ਕਰਕੇ ਅੱਜ ਪੰਜ ਦਿਨਾਂ ਬਾਅਦ ਹੋ ਸਕੀ। ਮੀਟਿੰਗ ਵਿੱਚ ਸ਼ਾਮਲ ਮੁਲਾਜ਼ਮ ਆਗੂਆਂ ਸਤੀਸ਼ ਰਾਣਾ, ਸੱਜਣ ਸਿੰਘ, ਗੁਰਮੀਤ ਸਿੰਘ ਵਾਲੀਆ, ਗੁਰਨਾਮ ਸਿੰਘ ਵਿਰਕ, ਬਖਸ਼ੀਸ਼ ਸਿੰਘ, ਕਰਮ ਸਿੰਘ ਧਨੋਆ, ਠਾਕੁਰ ਸਿੰਘ ਆਦਿ ਨੇ ਦੱਸਿਆ ਕਿ ਖਜ਼ਾਨਾ ਮੰਤਰੀ ਨੇ ਸੰਨ 1962 ਦੀ ਜੰਗ ਸਮੇਂ ਐਮਰਜੈਂਸੀ ਦਾ ਜ਼ਿਕਰ ਕਰਦਿਆਂ ਮੁਲਾਜ਼ਮਾਂ ਨੂੰ ਕਰੋਨਾ ਦੇ ਇਸ ਦੌਰ ਵਿੱਚ ਕੁਰਬਾਨੀ ਕਰਨ ਦੀ ਗੱਲ ਵੀ ਕਹੀ। ਦੂਜੇ ਪਾਸੇ ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਹਫ਼ਤੇ ਬਾਅਦ ਸਰਕਾਰ ਨੇ ਮੰਗਾਂ ਬਾਰੇ ਕੋਈ ਹੱਲ ਨਾ ਕੱਢਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਇਸੇ ਦੌਰਾਨ ਮੁਲਾਜ਼ਮ ਤੇ ਪੈਨਸ਼ਨਰ ਮੰਗਾਂ ਬਾਰੇ ਮੁਲਾਜ਼ਮ ਆਗੂ ਗੁਰਮੇਲ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰ ਵੱਲੋਂ ਮੀਟਿੰਗ ਤੋਂ ਬਾਅਦ ਮੀਟਿੰਗ ਰੱਖਣਾ ਠੀਕ ਨਹੀਂ। ਮੰਗਾਂ ਦਾ ਹੱਲ ਤੁਰੰਤ ਕੀਤਾ ਜਾਣਾ ਚਾਹੀਦਾ ਹੈ।
ਛੇਵਾਂ ਤਨਖਾਹ ਕਮਿਸ਼ਨ ਦਸੰਬਰ ’ਚ ਦੇਣ ਦਾ ਸੰਕੇਤ
ਖਜ਼ਾਨਾ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਮੀਟਿੰਗ ਉਪਰੰਤ ਕਿਹਾ ਕਿ ਉਹ ਬੜੀ ਜ਼ਿੰਮੇਵਾਰੀ ਨਾਲ ਕਹਿ ਰਹੇ ਹਨ ਕਿ ਛੇਵਾਂ ਤਨਖਾਹ ਕਮਿਸ਼ਨ ਇਸੇ ਸਾਲ ਦੇ ਦਸੰਬਰ ਮਹੀਨੇ ਵਿੱਚ ਦਿੱਤਾ ਜਾਵੇ।