ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 20 ਜੂਨ
ਸਥਾਨਕ ਵਿਜੀਲੈਂਸ ਬਿਊਰੋ ਨੇ ਨਗਰ ਸੁਧਾਰ ਟਰੱਸਟ ਦੇ ਇੱਕ ਕਲਰਕ ਅਤੇ ਇੱਕ ਏਜੰਟ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਗ੍ਰਿਫ਼ਤਾਰ ਕੀਤੇ ਕਲਰਕ ਦੀ ਪਛਾਣ ਦਿਨੇਸ਼ ਖੰਨਾ ਤੇ ਏਜੰਟ ਦੀ ਪਛਾਣ ਨਵਦੀਪ ਸਿੰਘ ਵਜੋਂ ਹੋਈ ਹੈ। ਦੋਵਾਂ ਨੂੰ ਰਣਜੀਤ ਐਵੇਨਿਊ ਦੇ ਵਸਨੀਕ ਕੰਵਲਜੀਤ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਕਾਬੂ ਕੀਤਾ ਗਿਆ ਹੈ। ਵਿਜੀਲੈਂਸ ਦੇ ਐੱਸਐੱਸਪੀ ਵਰਿੰਦਰ ਸਿੰਘ ਨੇ ਦੱਸਿਆ ਕਿ ਕੰਵਲਜੀਤ ਨੇ ਸ਼ਿਕਾਇਤ ਦਿੱਤੀ ਸੀ ਕਿ ਇਕ ਜਾਇਦਾਦ ਸਬੰਧੀ ਫਾਈਲ ਦੇਣ ਬਦਲੇ ਕਲਰਕ ਦਿਨੇਸ਼ ਖੰਨਾ ਨੇ ਉਸ ਕੋਲੋਂ ਪੰਜਾਹ ਹਜ਼ਾਰ ਰੁਪਏ ਦੀ ਮੰੰਗ ਕੀਤੀ ਹੈ। ਬਾਅਦ ਵਿੱਚ ਇਹ ਸੌਦਾ 25 ਹਜ਼ਾਰ ਰੁਪਏ ’ਤੇ ਤੈਅ ਹੋਇਆ, ਜਿਸ ਮਗਰੋਂ ਪੈਸੇ ਫੜਨ ਆਏ ਕਲਰਕ ਤੇ ਏਜੰਟ ਨੂੰ ਪੁਲੀਸ ਨੇ ਰੰਗੇ ਹੱਥੀਂ ਕਾਬੂ ਕੀਤਾ। ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਉਸ ਨੇ 2019 ’ਚ ਰਣਜੀਤ ਐਵੇਨਿਊ ’ਚ ਨੱਬੇ ਲੱਖ ਰੁਪਏ ਨਾਲ ਮਕਾਨ ਖਰੀਦਿਆ ਸੀ। ਕੁਝ ਦਿਨ ਪਹਿਲਾਂ ਨਿੱਜੀ ਬੈਂਕ ਤੋਂ ਆਏ ਕੁਝ ਲੋਕਾਂ ਨੇ ਇਸ ਫਲੈਟ ’ਤੇ 60 ਲੱਖ ਰੁਪਏ ਦਾ ਕਰਜ਼ਾ ਬਕਾਇਆ ਹੋਣ ਦੀ ਗੱਲ ਆਖੀ। ਉਸ ਨੇ ਨਗਰ ਟਰੱਸਟ ’ਚ ਸਬੰਧਤ ਵਿਭਾਗ ਨਾਲ ਸੰਪਰਕ ਕਰਕੇ ਦਸਤਾਵੇਜ਼ ਦਿਖਾਉਣ ਲਈ ਕਿਹਾ, ਪਰ ਸਬੰਧਤ ਕਰਮਚਾਰੀ ਨੇ ਫਾਈਲ ਦਿਖਾਉਣ ਬਦਲੇ ਰਿਸ਼ਵਤ ਦੀ ਮੰਗ ਕੀਤੀ। ਇਹ ਦੋਵੇਂ ਜਦੋਂ ਉਸ ਦੇ ਘਰ ਫਾਈਲ ਦੇਣ ਤੇ ਰਿਸ਼ਵਤ ਦੀ ਰਕਮ ਲੈਣ ਆਏ ਤਾਂ ਵਿਜੀਲੈਂਸ ਦੇ ਕਰਮਚਾਰੀਆਂ ਨੇ ਇਨ੍ਹਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।