ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਨਵੰਬਰ
ਸੂਬੇ ਵਿੱਚ ਔਰਤਾਂ ਦੀ ਪੜ੍ਹਾਈ ਨੂੰ ਨਜ਼ਰਅੰਦਾਜ਼ ਕਰਨ ਸਬੰਧੀ ਵਿਮੈਨ ਸਟੱਡੀ ਹੋਲਡਰ ਸਟੂਡੈਂਟਸ ਯੂਨੀਅਨ ਪੰਜਾਬ ਦੇ ਵਫ਼ਦ ਨੇ ਮਹਿਲਾ ਬਾਲ ਵਿਕਾਸ ਵਿਭਾਗ ਮੰਤਰੀ ਅਰੁਣਾ ਚੌਧਰੀ ਨਾਲ ਮੁਲਾਕਾਤ ਕੀਤੀ। ਯੂਨੀਅਨ ਦੇ ਪ੍ਰਧਾਨ ਰਣਜੀਤ ਗੁਰੀ, ਸਕੱਤਰ ਸਿਮਰਜੀਤ ਕੌਰ, ਬਲਜੀਤ ਕੌਰ ਸੰਧੂ ਤੇ ਪ੍ਰੈੱਸ ਸਕੱਤਰ ਗੁਰਪ੍ਰੀਤ ਕੌਰ ਨੇ ਮੰਤਰੀ ਦੇ ਧਿਆਨ ’ਚ ਲਿਆਂਦਾ ਕਿ ਉਨ੍ਹਾਂ ਵਿਮੈਨ ਸਟੱਡੀ ਦੀ ਮਾਸਟਰ ਡਿਗਰੀ ਕਰਨ ਉਪਰੰਤ ਪੰਜਾਬ ਦੀਆਂ ਰਾਜਨੀਤਕ, ਜਥੇਬੰਦਕ, ਸਮਾਜਿਕ, ਪੰਚਾਇਤੀ ਅਤੇ ਹੋਰਨਾਂ ਖੇਤਰਾਂ ਦੀਆਂ ਪ੍ਰਗਤੀਸ਼ੀਲ ਮੁਹਿੰਮਾਂ ਵਿੱਚ ਔਰਤਾਂ ਦੇ ਜਜ਼ਬੇ ਨੂੰ ਨੇੜਿਉਂ ਵੇਖਿਆ ਹੈ ਤੇ ਔਰਤ ਵਰਗ ਹਰ ਪੱਧਰ ’ਤੇ ਆਪਣੀ ਬਰਾਬਰੀ ਲਈ ਵਿਮੈਨ ਸਟੱਡੀ ਦੇ ਪ੍ਰਸਾਰ ਦੀ ਲੋੜ ਮਹਿਸੂਸ ਕਰ ਰਿਹਾ ਹੈ ਪਰ ਸਰਕਾਰ ਅਜੇ ਤੱਕ ਸਕੂਲਾਂ ’ਚ ਇਸ ਨੂੰ ਲਾਗੂ ਨਹੀਂ ਕਰ ਸਕੀ। ਮਹਿਲਾ ਬਾਲ ਵਿਕਾਸ ਮੰਤਰੀ ਨੇ ਭਰੋਸਾ ਦਿਵਾਇਆ ਕਿ ਇਹ ਮੁੱਦਾ ਪ੍ਰਸ਼ਾਸਨਿਕ ਪੱਧਰ ’ਤੇ ਵਿਚਾਰਿਆ ਜਾਵੇਗਾ।