ਸਰਬਜੀਤ ਸਿੰਘ ਭੰਗੂ
ਪਟਿਆਲਾ, 29 ਅਗਸਤ
ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਸਾਹਿਤ ਜਗਤ ਦੇ ਵਿਸ਼ਵ ਪ੍ਰਸਿੱਧ ਲੇਖਕ ਸੰਤੋਖ ਸਿੰਘ ਧੀਰ ਦੀ ਯਾਦ ਵਿੱਚ ਚੇਅਰ ਸਥਾਪਤ ਕਰਨ ਦੀ ਮੰਗ ਉੱਠੀ ਹੈ। ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਮੁਖੀ ਡਾ. ਭੀਮਇੰਦਰ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਗਏ ਦੋ-ਰੋਜ਼ਾ ਕੌਮਾਂਤਰੀ ਵੈਬਿਨਾਰ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਸਾਹਿਤਕਾਰ ਗੁਰਬਚਨ ਸਿੰਘ ਭੁੱਲਰ ਦਾ ਕਹਿਣਾ ਸੀ ਕਿ ਇਹ ਚੇਅਰ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਹਿਤ ਚਿੰਤਨ ਅਤੇ ਪ੍ਰੇਰਣਾ ਦਾ ਸਰੋਤ ਸਾਬਤ ਹੋਵੇਗੀ। ਵੈਬਿਨਾਰ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਡਾ. ਅਰਵਿੰਦ ਨੇ ਕਿਹਾ ਕਿ ਸ੍ਰੀ ਧੀਰ ਦਾ ਸਾਹਿਤ ਲੋਕਾਈ ਨੂੰ ਜੋੜਨ ਦਾ ਹੋਕਾ ਦਿੰਦਾ ਹੈ, ਜੋ ਅੱਜ ਦੇ ਟੁੱਟ-ਭੱਜ ਦੇ ਦੌਰ ਵਿੱਚ ਹੋਰ ਵੀ ਪ੍ਰਸੰਗਕ ਹੋ ਜਾਂਦਾ ਹੈ। ਡਾ. ਧਨਵੰਤ ਕੌਰ ਨੇ ਕਿਹਾ ਕਿ ਸ੍ਰੀ ਧੀਰ ਨੇ ਲੋਕ-ਪੱਖੀ ਸਾਹਿਤ ਦੀ ਰਚਨਾ ਕਰਕੇ ਸਮਾਜ ਵਿੱਚ ਉੱਚ ਕੋਟੀ ਦੇ ਸਾਹਿਤਕਾਰ ਵਜੋਂ ਮੁਕਾਮ ਹਾਸਲ ਕੀਤਾ ਹੈ। ਇਸ ਮੌਕੇ ਡਾ. ਸੁਖਦੇਵ ਸਿੰਘ ਸਿਰਸਾ ਦਾ ਕਹਿਣਾ ਸੀ ਕਿ ਸ੍ਰ੍ਰੀ ਧੀਰ ਨੇ ਆਪਣਾ ਸਾਹਿਤ ਕਿਰਤੀਆਂ, ਕਿਸਾਨਾਂ ਅਤੇ ਮਜ਼ਦੂਰ ਜਮਾਤ ਦੀ ਨੁਕਤਾ ਨਿਗਾਹ ਤੋਂ ਪੇਸ਼ ਕੀਤਾ। ਉਦਘਾਟਨੀ ਸੈਸ਼ਨ ਵਿੱਚ ਸ੍ਰੀ ਧੀਰ ਦੇ ਛੋਟੇ ਭਰਾ ਤੇ ਉੱਘੇ ਸਾਹਿਤਕਾਰ ਰਿਪੁਦਮਨ ਸਿੰਘ ਰੂਪ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਸਤਨਾਮ ਸਿੰਘ ਸੰਧੂ ਡੀਨ (ਭਾਸ਼ਾਵਾਂ) ਤੇ ਪ੍ਰੋ. ਰਾਜਿੰਦਰ ਕੁਮਾਰ ਲਹਿਰੀ ਨੇ ਸ੍ਰੀ ਧੀਰ ਦੀ ਪ੍ਰਤੀਬੱਧਤਾ ਅਤੇ ਸਾਫ਼ਗੋਈ ਦੀ ਸ਼ਲਾਘਾ ਕੀਤੀ। ਇਸ ਵੈਬਿਨਾਰ ਵਿੱਚ ਡਾ. ਪਰਮਜੀਤ ਕੌਰ ਸਿੱਧੂ, ਡਾ. ਜਸਵੀਰ ਕੌਰ, ਡਾ. ਗੁਰਸੇਵਕ ਲੰਬੀ, ਡਾ. ਕੁਲਦੀਪ ਸਿੰਘ, ਡਾ. ਮੋਹਨ ਤਿਆਗੀ, ਡਾ. ਵੀਰਪਾਲ ਕੌਰ ਸਿੱਧੂ, ਡਾ. ਰਾਜਵਿੰਦਰ ਸਿੰਘ, ਡਾ. ਨਰੇਸ਼, ਡਾ. ਪਰਮੀਤ ਕੌਰ, ਡਾ. ਗੁਰਜੰਟ ਸਿੰਘ, ਡਾ. ਪਰਮਿੰਦਰਜੀਤ ਕੌਰ ਤੇ ਡਾ. ਗੁਰਪ੍ਰੀਤ ਕੌਰ ਨੇ ਵੀ ਆਪਣੇ ਵਿਸਤ੍ਰਿਤ ਖੋਜ ਪੱਤਰ ਸਾਂਝੇ ਕੀਤੇ। ਇਨ੍ਹਾਂ ਸੈਸ਼ਨਾਂ ਦੀ ਪ੍ਰਧਾਨਗੀ ਡਾ. ਰਵੇਲ ਸਿੰਘ, ਡਾ. ਗੁਰਨਾਇਬ ਸਿੰਘ ਅਤੇ ਡਾ. ਜਸਵਿੰਦਰ ਸਿੰਘ ਨੇ ਕੀਤੀ।
ਸ੍ਰੀ ਧੀਰ ਨਾਲ ਜੁੜੀਆਂ ਯਾਦਾਂ ਬਾਰੇ ਕਰਵਾਏ ਗਏ ਇਕ ਰੌਚਕ ਸੈਸ਼ਨ ਦੌਰਾਨ ਨਿੰਦਰ ਘੁਗਿਆਣਵੀ ਸਮੇਤ ਨਵਰੂਪ, ਸੰਜੀਵਨ ਸਿੰਘ, ਰੰਜੀਵਨ ਸਿੰਘ ਨੇ ਵੀ ਯਾਦਾਂ ਸਾਂਝੀਆਂ ਕੀਤੀਆਂ। ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਗੁਲਜ਼ਾਰ ਸੰਧੂ ਨੇ ਕਿਹਾ ਕਿ ਸ੍ਰੀ ਧੀਰ ਕਦੇ ਵੀ ਸਰਕਾਰੀ ਇਨਾਮਾਂ-ਸਨਮਾਨਾਂ ਨੂੰ ਹਾਸਲ ਕਰਨ ਦੀ ਦੌੜ ਵਿੱਚ ਸ਼ਾਮਲ ਨਹੀਂ ਹੋਏ ਤੇ ਉਹ ਆਪਣੇ ਪਾਠਕਾਂ ਦੀ ਮਾਨਤਾ ਨੂੰ ਹੀ ਸਨਮਾਨ ਸਮਝਦੇ ਸਨ। ਡਾ. ਸਰਬਜੀਤ ਸਿੰਘ ਨੇ ਵਿਦਾਇਗੀ ਭਾਸ਼ਨ ਦਿੱਤਾ।