ਪੱਤਰ ਪ੍ਰੇਰਕ
ਅਟਾਰੀ, 19 ਮਾਰਚ
ਲਾਹੌਰ ਵਿੱਚ ਚੱਲ ਰਹੀ ਚਾਰ ਰੋਜ਼ਾ 31ਵੀਂ ਵਿਸ਼ਵ ਪੰਜਾਬੀ ਕਾਨਫਰੰਸ ਮੌਕੇ ਚੇਅਰਮੈਨ ਫ਼ਖ਼ਰ ਜ਼ਮਾਨ ਨੇ ਕਿਹਾ ਕਿ ਹਿੰਦ-ਪਾਕਿ ਸਾਂਝ ਵਧਾਉਣ ਲਈ ਦੋਵੇਂ ਦੇਸ਼ ਆਸਾਨ ਵੀਜ਼ਾ ਪ੍ਰਣਾਲੀ ਵਿਕਸਤ ਕਰਨ। ਇਸ ਮੌਕੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਗਿੱਲ ਨੇ ਵਿਸ਼ਵ ਪੰਜਾਬੀ ਕਾਨਫਰੰਸ ਵੱਲੋਂ ਲਾਹੌਰ ਐਲਾਨਨਾਮਾ ਪੇਸ਼ ਕੀਤਾ ਗਿਆ, ਜਿਸ ਵਿੱਚ ਬਾਰਡਰ ’ਤੇ ਪਹੁੰਚਣ ਸਾਰ 65 ਸਾਲ ਤੋਂ ਵਡੇਰੀ ਉਮਰ ਦੇ ਯੋਗ ਨਾਗਰਿਕਾਂ ਨੂੰ ਵੀਜ਼ਾ ਦੇਣ, ਲਹਿੰਦੇ ਪੰਜਾਬ ਵਿੱਚ ਪੰਜਾਬੀ ਨੂੰ ਪ੍ਰਾਇਮਰੀ ਪੱਧਰ ਤੋਂ ਲਾਗੂ ਕਰਨ, ਬਾਬਾ ਵਾਰਿਸ ਸ਼ਾਹ ਦਾ 300ਵਾਂ ਜਨਮ ਵਰ੍ਹਾ ਮਨਾਉਣ ਲਈ ਦੋਵਾਂ ਦੇਸ਼ਾਂ ਨੂੰ ਕੌਮੀ ਪੱਧਰ ’ਤੇ ਸ਼ਤਾਬਦੀ ਕਮੇਟੀਆਂ ਬਣਾਉਣ, ਗਾਇਕਾਂ, ਫ਼ਿਲਮਸਾਜ਼ਾਂ, ਲੇਖਕਾਂ, ਕਲਾਕਾਰਾਂ ਤੇ ਸਿੱਖਿਆ ਸ਼ਾਸਤਰੀਆਂ ਦਾ ਆਦਾਨ-ਪ੍ਰਦਾਨ ਵਧਾਉਣ, ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਦੱਖਣੀ ਏਸ਼ੀਆ ਦੇ ਪਾਏਦਾਰ ਅਮਨ ਦੀ ਸਲਾਮਤੀ ਲਈ ਵੀਜ਼ਾ ਪਰਮਿਟ ਸ਼ਰਤਾਂ ਆਸਾਨ ਕਰਨ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਤੇ ਪੰਜਾ ਸਾਹਿਬ ਦੇ ਦਰਸ਼ਨ-ਦੀਦਾਰ ਲਈ ਖੁੱਲ੍ਹ-ਦਿਲੀ ਦਿਖਾਉਣ ਦੇ ਨਾਲ-ਨਾਲ ਪੁਸਤਕ ਸੱਭਿਆਚਾਰ ਵਿਕਸਤ ਕਰਨ ਲਈ ਲਾਇਬਰੇਰੀਆਂ ਦਾ ਜਾਲ ਫੈਲਾਉਣ ’ਤੇ ਵੀ ਜ਼ੋਰ ਦਿੱਤਾ। ਇਸ ਕਾਨਫਰੰਸ ਵਿੱਚ ਕੁਝ ਪ੍ਰਮੁੱਖ ਲੇਖਕਾਂ ਮਨਜੀਤ ਇੰਦਰਾ ਦੀ ਲਿਖੀ ਤਾਰਿਆਂ ਦਾ ਛੱਜ, ਸੁਰਿੰਦਰ ਦਾਊਮਾਜਰਾ ਦਾ ਨਾਵਲ ਨੇਤਰ, ਬਲਵੰਤ ਸਾਨੀਪੁਰ ਦੀ ਰਚਨਾ ਜੱਟ ਮਕੈਨਿਕ, ਮਿੰਟੂ ਬਰਾੜ ਆਸਟਰੇਲੀਆ ਦੀ ਪੁਸਤਕ ਕੈਂਗਰੂਨਾਮਾ, ਡਾ. ਤਰਸਪਾਲ ਕੌਰ ਦੀ ਕਾਵਿ-ਪੁਸਤਕ ਸ਼ਾਹ ਰਗ, ਸਤੀਸ਼ ਗੁਲਾਟੀ ਦੀ ਚੁੱਪ ਦੀਆਂ ਰਮਜ਼ਾਂ, ਮਹਿੰਦਰਪਾਲ ਸਿੰਘ ਧਾਲੀਵਾਲ ਦਾ ਨਾਵਲ ਸੋਫ਼ੀਆ ਵੀ ਪ੍ਰਧਾਨਗੀ ਮੰਡਲ ਨੇ ਲੋਕ ਅਰਪਣ ਕੀਤਾ।
ਇਸ ਮੌਕੇ ਬਾਬਾ ਨਜ਼ਮੀ ਦੀ ਕਾਵਿ-ਪੁਸਤਕ ‘ਮੈਂ ਇਕਬਾਲ ਪੰਜਾਬੀ’ ਦਾ ਦੂਜਾ ਐਡੀਸ਼ਨ ਵੀ ਲੋਕ ਅਰਪਣ ਕੀਤਾ ਗਿਆ, ਜਿਸ ਨੂੰ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ। ਡਾ. ਦੀਪਕ ਮਨਮੋਹਨ ਸਿੰਘ ਪ੍ਰਧਾਨ ਵਿਸ਼ਵ ਪੰਜਾਬੀ ਕਾਨਫਰੰਸ ਇੰਡੀਆ ਇਕਾਈ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਗਲੀ ਕਾਨਫ਼ਰੰਸ ਭਾਰਤ ਵਿੱਚ ਕੀਤੀ ਜਾਵੇਗੀ।