ਲੁਧਿਆਣਾ (ਟਨਸ): ਉੱਘੇ ਅੰਗਰੇਜ਼ੀ ਤੇ ਪੰਜਾਬੀ ਲੇਖਕ, ਨਿਊਜ਼ੀਲੈਂਡ ਦੇ ਸਾਬਕਾ ਰਾਜਦੂਤ ਅਤੇ ਪੰਜਾਬੀ ਸਾਹਿਤ ਅਕਾਦਮੀ ਦੇ ਆਜੀਵਨ ਮੈਂਬਰ ਬਾਲ ਆਨੰਦ ਦਾ ਅੱਜ ਗਰੇਟਰ ਨੋਇਡਾ ’ਚ ਦੇਹਾਂਤ ਹੋ ਗਿਆ ਹੈ। ਪਿੰਡ ਜੰਡਾਲੀ (ਨੇੜੇ ਪਾਇਲ) ਜ਼ਿਲ੍ਹਾ ਲੁਧਿਆਣਾ ’ਚ ਵੈਦ ਹਰੀ ਦਿਆਲ ਤੇ ਮਲਕੀਤ ਕੌਰ ਦੇ ਘਰ 1943 ਵਿੱਚ ਜਨਮੇ ਬਾਲ ਆਨੰਦ ਦਾ ਸਸਕਾਰ ਭਲਕੇ ਗਰੇਟਰ ਨੋਇਡਾ ’ਚ ਬਾਅਦ ਦੁਪਹਿਰ ਇੱਕ ਵਜੇ ਮੋਕਸ਼ਧਾਮ ਸ਼ਮਸ਼ਾਨ ਘਾਟ ’ਚ ਹੋਵੇਗਾ। ਬਾਲ ਆਨੰਦ ਦਾ ਜੱਦੀ ਪਿੰਡ ਫਲੌਂਡ ਕਲਾਂ (ਮਾਲੇਰਕੋਟਲਾ) ਸੀ। ਨੌਂ ਮੁਲਕਾਂ ਵਿੱਚ ਰਾਜਦੂਤ ਵਜੋਂ ਸੇਵਾਵਾਂ ਨਿਭਾਉਣ ਵਾਲੇ ਬਾਲ ਆਨੰਦ ਨੇ ਜੀਵਨ ਦਾ ਆਖਰੀ ਸਮਾਂ ਸਾਹਿਤ ਸੇਵਾ ’ਚ ਲਾਇਆ। ਪੰਜਾਬੀ ਲੋਕ ਵਿਕਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਬ੍ਰਿਜ ਭੂਸ਼ਨ ਗੋਇਲ, ਉੱਘੇ ਲੇਖਕ ਅਮਰਜੀਤ ਸਿੰਘ ਹੇਅਰ, ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਚਾਂਸਲਰ ਡਾ. ਸ.ਸ. ਜੌਹਲ, ਗੁਰੂ ਨਾਨਕ ਦੇਵ ’ਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐੱਸਪੀ ਸਿੰਘ, ਪੰਜਾਬੀ ਕਵੀ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਸਹਿਜਪ੍ਰੀਤ ਸਿੰਘ ਮਾਂਗਟ ਤੇ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਬਾਲ ਆਨੰਦ ਦੇ ਦੇਹਾਂਤ ’ਤੇ ਦੁੱਖ ਜ਼ਾਹਿਰ ਕੀਤਾ ਹੈ।