ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਅਗਸਤ
ਪੰਜਾਬ ਦੀ ਇਤਿਹਾਸਕਾਰੀ ਵਿੱਚ ਇੱਕ ਯੁੱਗ ਦੀ ਸਮਾਪਤੀ ਹੋ ਗਈ ਹੈ। ਅੱਜ ਸ਼ਾਮ ਪੰਜਾਬ ਦੇ ਉੱਘੇ ਇਤਿਹਾਸਕਾਰ ਪ੍ਰੋ. ਜਗਤਾਰ ਸਿੰਘ ਗਰੇਵਾਲ ਦਾ ਸੈਕਟਰ-11, ਚੰਡੀਗੜ੍ਹ ਸਥਿਤ ਘਰ ਵਿੱਚ ਦੇਹਾਂਤ ਹੋ ਗਿਆ। 1960 ਤੋਂ ਬਾਅਦ ਪ੍ਰੋ. ਗਰੇਵਾਲ ਨੇ ਪੰਜਾਬ ਵਿੱਚ ਨਵੀਂ ਤਰ੍ਹਾਂ ਦੀ ਇਤਿਹਾਸਕਾਰੀ ਦਾ ਮੁੱਢ ਬੰਨ੍ਹਿਆ ਅਤੇ ਮੱਧਕਾਲੀਨ ਭਾਰਤ, ਪੰਜਾਬ ਤੇ ਸਿੱਖਾਂ ਦੇ ਇਤਿਹਾਸ ਬਾਰੇ ਯਾਦਗਾਰੀ ਖੋਜ ਕਾਰਜ ਕੀਤਾ। ਉਨ੍ਹਾਂ ਨੇ ਇਨ੍ਹਾਂ ਖੇਤਰਾਂ ਵਿੱਚ ਨਵੀਆਂ ਲੀਹਾਂ ਪਾਈਆਂ ਤੇ ਵਿਸ਼ਵ ਪੱਧਰ ਦਾ ਇਤਿਹਾਸ ਲੇਖਣ ਕੀਤਾ। ਉਹ ਪੰਜਾਬ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਰਹੇ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਬਾਨੀ ਸਨ ਤੇ ਬਾਅਦ ਵਿੱਚ ’ਵਰਸਿਟੀ ਦੇ ਵਾਈਸ ਚਾਂਸਲਰ ਬਣੇ। ਉਹ ਸ਼ਿਮਲਾ ਦੀ ਇੰਡੀਅਨ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਦੇ ਡਾਇਰੈਕਟਰ ਤੇ ਬਾਅਦ ਵਿੱਚ ਇਸ ਦੇ ਚੇਅਰਮੈਨ ਬਣੇ। ਪ੍ਰੋ. ਹਰੀਸ਼ ਪੁਰੀ ਨੇ ਦੱਸਿਆ ਕਿ ਕਿਵੇਂ ਡਾ. ਗਰੇਵਾਲ ਨੇ ਆਪਣੇ ਵਿਦਿਆਰਥੀਆਂ ਨੂੰ ਖੋਜ ਕਾਰਜ ਕਰਨ ਅਤੇ ਆਪਣੇ ਖੋਜ ਪੱਤਰ ਇੰਡੀਅਨ ਹਿਸਟਰੀ ਕਾਂਗਰਸ ਵਿੱਚ ਪੇਸ਼ ਕਰਨ ਵਿੱਚ ਸਹਾਇਤਾ ਕਰਕੇ ਪੰਜਾਬ ਵਿੱਚ ਇਤਿਹਾਸਕਾਰ ਬਣਾਉਣ ਦਾ ਮੁੱਢਲਾ ਕਾਰਜ ਕੀਤਾ। ਪ੍ਰੋ. ਇੰਦੂ ਬੰਗਾ ਅਨੁਸਾਰ ਪ੍ਰੋ. ਗਰੇਵਾਲ ਦੇ ਇਤਿਹਾਸ ਖੇਤਰ ਵਿੱਚ ਆਉਣ ਨਾਲ ਪੰਜਾਬ ਦੀ ਇਤਿਹਾਸਕਾਰੀ ਵਿੱਚ ਨਵੇਂ ਯੁੱਗ ਦਾ ਆਗਾਜ਼ ਹੋਇਆ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮਸ੍ਰੀ ਨਾਲ ਨਵਾਜਿਆ। ਪ੍ਰੋ. ਤੇਜਵੰਤ ਸਿੰਘ ਗਿੱਲ ਅਨੁਸਾਰ ਪ੍ਰੋ. ਗਰੇਵਾਲ ਅਜਿਹੇ ਇਤਿਹਾਸਕਾਰ ਸਨ ਜਿਨ੍ਹਾਂ ਸਿਰਫ਼ ਇਤਿਹਾਸਕ ਤੱਥਾਂ ਤੱਕ ਸੀਮਤ ਨਾ ਰਹਿ ਕੇ ਪੰਜਾਬੀ ਸਾਹਿਤ ਤੇ ਖਾਸ ਕਰਕੇ ਸੂਫ਼ੀ ਤੇ ਕਿੱਸਾ ਸਾਹਿਤ ਤੋਂ ਵੀ ਸਮੱਗਰੀ ਲੈ ਕੇ ਪੰਜਾਬ ਦੇ ਇਤਿਹਾਸ ਨੂੰ ਸਮੁੱਚਤਾ ਪੇਸ਼ ਕੀਤਾ। ਡਾ. ਸੁਖਦੇਵ ਸਿੰਘ ਸਿਰਸਾ ਤੇ ਇਤਿਹਾਸਕਾਰ ਡਾ. ਜਸਬੀਰ ਸਿੰਘ ਨੇ ਡਾ. ਗਰੇਵਾਲ ਨੂੰ ਇਸ ਦੌਰ ਦਾ ਸਿਰਮੌਰ ਇਤਿਹਾਸਕਾਰ ਦੱਸਿਆ। ਪੰਜਾਬੀ ਚਿੰਤਕ ਅਮਰਜੀਤ ਚੰਦਨ ਅਨੁਸਾਰ ਪ੍ਰੋ. ਗਰੇਵਾਲ ਨੇ ਪੰਜਾਬ ਦੀ ਇਤਿਹਾਸਕਾਰੀ ਨੂੰ ਨਵੀਂ ਦਿਸ਼ਾ ਦਿੱਤੀ ਅਤੇ ਉਹ ਪੰਜਾਬੀ ਵਿੱਚ ਚੰਗੀ ਸ਼ਾਇਰੀ ਵੀ ਕਰਦੇ ਰਹੇ। ਪ੍ਰੋ. ਗਰੇਵਾਲ ਨੇ 40 ਕਿਤਾਬਾਂ ਤੇ 100 ਤੋਂ ਵੱਧ ਖੋਜ ਪੱਤਰ ਲਿਖੇ। ਉਨ੍ਹਾਂ ਨੂੰ ਦੇਸ਼-ਵਿਦੇਸ਼ ਦੀਆਂ ਯੂਨੀਵਰਸਿਟੀਆਂ ਤੇ ਅਦਾਰਿਆਂ ਤੋਂ ਸਨਮਾਨ ਵੀ ਹਾਸਲ ਹੋਏ। ਉਨ੍ਹਾਂ ਆਪਣੀ ਪੀਐੱਚਡੀ ਯੂਨੀਵਰਸਿਟੀ ਆਫ ਲੰਡਨ ਤੋਂ ਕੀਤੀ ਸੀ। ਉਨ੍ਹਾਂ ਦੇ ਦੇਹਾਂਤ ਨਾਲ ਪੰਜਾਬ ਨੂੰ ਵੱਡਾ ਘਾਟਾ ਪਿਆ ਹੈ।