ਮਹਿੰਦਰ ਸਿੰਘ ਰੱਤੀਆਂ
ਮੋਗਾ, 10 ਨਵੰਬਰ
ਫ਼ਿਰੋਜ਼ਪੁਰ ਦੇ ਐੱਸਐੱਸਪੀ ਨੇ ਗਿਆਰਾਂ ਦਾਗੀ ਪੁਲੀਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਇਨ੍ਹਾਂ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਰਿਸ਼ਵਤਖੋਰੀ ਤੇ ਨਸ਼ਿਆਂ ਦੇ ਕੇਸ ਦਰਜ ਹਨ। ਇਸ ਦੇ ਨਾਲ ਹੀ ਸੂਬੇ ਦੇ ਕਈ ਸੀਨੀਅਰ ਪੁਲੀਸ ਅਫ਼ਸਰਾਂ ਸਣੇ 103 ਸਜ਼ਾਯਾਫ਼ਤਾ ਪੁਲੀਸ ਮੁਲਾਜ਼ਮਾਂ ’ਤੇੇ ਕਾਨੂੰਨੀ ਕਾਰਵਾਈ ਦੀ ਤਲਵਾਰ ਲਟਕ ਗਈ ਹੈ। ਜ਼ਿਲ੍ਹਾ ਪੁਲੀਸ ਮੁਖੀ ਫ਼ਿਰੋਜ਼ਪੁਰ ਵੱਲੋਂ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਨੂੰ ਲਿਖੇ ਪੱਤਰ ਵਿੱਚ ਬਰਖ਼ਾਸਤ ਕੀਤੇ ਪੁਲੀਸ ਮੁਲਾਜ਼ਮਾਂ ਇੰਸਪੈਕਟਰ ਗੁਰਜੰਟ ਸਿੰਘ, ਏਐੱਸਆਈ ਓਮ ਪ੍ਰਕਾਸ਼, ਸੁਰਿੰਦਰ ਕੁਮਾਰ, ਬਲਵਿੰਦਰ ਸਿੰਘ, ਕਾਰਜ ਸਿੰਘ, ਹੌਲਦਾਰ ਮਨਜੀਤ ਸਿੰਘ, ਸੁਭਾਸ਼ ਚੰਦਰ, ਕੁਲਦੀਪ ਸਿੰਘ, ਪ੍ਰਿਤਪਾਲ ਸਿੰਘ, ਜਗਜੀਤ ਸਿੰਘ ਤੇ ਸੁਖਦੇਵ ਸਿੰਘ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਦਰਜ ਐਫ਼ਆਈਆਰ, ਆਈਪੀਸੀ ਧਰਾਵਾਂ ਤੇ ਮੁਕੱਦਮਿਆਂ ਦਾ ਮੌਜੂਦਾ ਸਟੇਟਸ ਵੀ ਦਰਸਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਮੋਗਾ ਦੇ ਐੱਸਐੱਸਪੀ ਸੁਰਿੰਦਰਜੀਤ ਸਿੰਘ ਮੰਡ ਨੇ ਨਸ਼ਾ ਤਸਕਰਾਂ ਨਾਲ ਸਾਂਝ ਰੱਖਣ ਦੇ ਦੋਸ਼ ਹੇਠ ਦੋ ਏਐੱਸਆਈਜ਼ ਅੰਗਰੇਜ਼ ਸਿੰਘ ਤੇ ਗੁਰਮੇਜ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਸੀ। ਸੂਬੇ ਦੇ ਗ੍ਰਹਿ ਤੇ ਨਿਆਂ ਵਿਭਾਗ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਇੱਕ ਐੱਸਐੱਸਪੀ, ਦੋ ਐੱਸਪੀ, ਦੋ ਡੀਐੱਸਪੀ, ਦੋ ਇੰਸਪੈਕਟਰ, 8 ਏਐੱਸਆਈ, 13 ਹੌਲਦਾਰ ਤੇ 75 ਸਿਪਾਹੀਆਂ ਦੇ ਸਜ਼ਾਯਾਫ਼ਤਾ ਹੋਣ ਦੇ ਬਾਵਜੂਦ ਡਿਊਟੀ ’ਤੇ ਤਾਇਨਾਤ ਹੋਣ ਦਾ ਹਲਫ਼ਨਾਮਾ ਦਿੱਤਾ ਹੈ। ਇੱਕ ਅਧਿਕਾਰੀ ਨੇ ਆਖਿਆ ਕਿ ਅਜਿਹੀ ਕਾਰਵਾਈ ਕਰਨ ਨਾਲ ਅੱਗੇ ਤੋਂ ਪੁਲੀਸ ਮੁਲਾਜ਼ਮ ਅਜਿਹੀ ਕਿਸੇ ਵੀ ਗਤੀਵਿਧੀ ’ਚ ਹਿੱਸਾ ਲੈਣ ਤੋਂ ਗੁਰੇਜ਼ ਕਰਨਗੇ, ਜਿਸ ਨਾਲ ਵਿਭਾਗ ਦੀ ਬਦਨਾਮੀ ਹੁੰਦੀ ਹੋਵੇ।