ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 18 ਮਈ
ਸ਼ਹਿਰ ਦੇ ਬਰਨਾਲਾ ਰੋਡ ‘ਤੇ ਸਥਿਤ ਇਲੈਕਟ੍ਰਾਨਿਕਸ ਦੇ ਸਾਮਾਨ ਦੇ ਸ਼ੋਅ ਰੂਮ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਰੇਡੀਓ ਹਾਊਸ ਨਾਮੀ ਤਿੰਨ ਮੰਜ਼ਿਲਾ ਇਮਾਰਤ ’ਚ ਅੱਜ ਸ਼ਾਮ ਛੇ ਵਜੇ ਦੇ ਕਰੀਬ ਅਚਾਨਕ ਅੱਗ ਲੱਗ ਗਈ ਅਤੇ ਇਹ ਅੱਗ ਜਲਦੀ ਹੀ ਸਾਰੇ ਸ਼ੋਅ ਰੂਮ ਵਿਚ ਫੈਲ ਗਈ। ਅੱਗ ਲੱਗਣ ਦਾ ਪਤਾ ਚਲਦਿਆਂ ਹੀ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੌਕੇ ‘ਤੇ ਪਹੁੰਚ ਕੇ ਵੱਖ-ਵੱਖ ਸਾਧਨਾਂ ਰਾਹੀਂ ਅੱਗ ਬਝਾਉਣ ਦੇ ਕਾਰਜ ਵਿੱਚ ਜੁੱਟ ਗਏ। ਇਸ ਘਟਨਾ ਦੌਰਾਨ ਸ਼ੋਅ ਰੂਮ ਵਿੱਚ ਪਏ ਫਰਿੱਜ, ਏਸੀ, ਐਲ.ਸੀਡੀਜ਼, ਵਾਸ਼ਿੰਗ ਮਸ਼ੀਨਾਂ, ਕੂਲਰਾਂ ਸਮੇਤ ਬਿਜਲੀ ਦੇ ਲੱਖਾਂ ਰੁਪਏ ਦਾ ਹੋਰ ਸਾਮਾਨ ਸੜ ਕੇ ਸਵਾਹ ਹੋ ਗਿਆ। ਸ਼ੋਅ ਰੂਮ ਦੇ ਮਾਲਕ ਦਾ ਪਰਿਵਾਰ ਜੋ ਸ਼ੋਅ ਰੂਮ ਦੇ ਪਿਛਲੇ ਪਾਸੇ ਬਣੇ ਮਕਾਨ ਵਿੱਚ ਰਹਿੰਦਾ ਹੈ, ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸੇ ਦੌਰਾਨ ਅੱਗ ਲੱਗਣ ਤੋਂ ਇਕ ਘੰਟਾ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਉਦੋਂ ਤੱਕ ਸ਼ੋਅ ਰੂਮ ਦਾ ਬਹੁਤ ਨੁਕਸਾਨ ਹੋ ਚੁੱਕਾ ਸੀ। ਸ਼ਹਿਰ ਵਾਸੀਆਂ ਦਾ ਕਹਿਣਾ ਸੀ ਕਿ ਜੇਕਰ ਸ਼ਹਿਰ ਵਿਚ ਫਾਇਰ ਬ੍ਰਿਗੇਡ ਗੱਡੀ ਦਾ ਉਚਿਤ ਪ੍ਰਬੰਧ ਹੁੰਦਾ ਤਾਂ ਵੱਡੇ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ।