ਜਗਮੋਹਨ ਸਿੰਘ
ਰੂਪਨਗਰ, 19 ਸਤੰਬਰ
ਇਥੇ ਪਿੰਡ ਪੁਰਖਾਲੀ ਦੇ 66 ਕੇ.ਵੀ. ਗਰਿੱਡ ਦੇ ਟਰਾਂਸਫਾਰਮਰ ਨੂੰ ਅੱਗ ਲੱਗਣ ਕਾਰਨ 12 ਐਮ.ਬੀ.ਏ. ਸਮਰੱਥਾ ਦਾ ਟਰਾਂਸਫਾਰਮਰ ਸੜ ਗਿਆ, ਜਿਸ ਨਾਲ ਲਗਪਗ 50 ਪਿੰਡਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ। ਜਾਣਕਾਰੀ ਅਨੁਸਾਰ ਅੱਗ ਲੱਗਣ ’ਤੇ ਗਰਿੱਡ ਵਿੱਚ ਤੈਨਾਤ ਪਾਵਰਕੌਮ ਅਧਿਕਾਰੀਆਂ ਵੱਲੋਂ ਕਾਬੂ ਪਾਉਣ ਦਾ ਯਤਨ ਕੀਤਾ ਗਿਆ, ਪਰ ਜਦੋਂ ਅੱਗ ਨਾ ਬੁੱਝੀ ਤਾਂ ਉਨ੍ਹਾਂ 101 ਨੰਬਰ ’ਤੇ ਫੋਨ ਕਰਨ ਤੋਂ ਇਲਾਵਾ ਪੁਲੀਸ ਤੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿਸ ਉਪਰੰਤ ਨਗਰ ਕੌਂਸਲ ਰੂਪਨਗਰ ਦੀ ਅੱਗ ਬੁਝਾਊ ਗੱਡੀ ਮੰਗਵਾ ਕੇ ਅੱਗ ’ਤੇ ਕਾਬੂ ਪਾਉਣ ਦਾ ਯਤਨ ਕੀਤਾ। ਅੱਗ ਬੇਕਾਬੂ ਹੁੰਦੀ ਦੇਖ ਕੇ ਤਾਂ ਪੁਲੀਸ ਵੱਲੋਂ ਮੁਹਾਲੀ, ਖਰੜ ਅਤੇ ਥਰਮਲ ਪਲਾਂਟ ਰੂਪਨਗਰ ਤੋਂ ਵੀ ਅੱਗ ਬੁਝਾਊ ਗੱਡੀਆਂ ਮੰਗਵਾ ਕੇ ਅੱਗ ’ਤੇ ਬੜੀ ਮੁਸ਼ੱਕਤ ਨਾਲ ਕਾਬੂ ਪਾਇਆ। ਇਸ ਸਬੰਧੀ ਐਕਸੀਅਨ ਪੀ.ਐਸ.ਪੀ.ਸੀ.ਐਲ ਮੰਡਲ ਰੂਪਨਗਰ ਸੰਜੀਵ ਗੋਗਨਾ ਨੇ ਦੱਸਿਆ ਕਿ ਇਹ ਅੱਗ ਟਰਾਂਸਫਾਮਰ ਦੇ ਬੁਸ਼ ਵਿੱਚ ਪਏ ਤਕਨੀਕੀ ਨੁਕਸ ਕਾਰਨ ਲੱਗੀ ਹੈ, ਜਿਸ ਦੌਰਾਨ 12.5 ਕੇ.ਵੀ.ਏ. ਦਾ ਟਰਾਂਸਫਾਰਮਰ ਨੁਕਸਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿੱਤੀ ਨੁਕਸਾਨ ਬਾਰੇ ਤਾਂ ਪੀ.ਐਮ. ਮੰਡਲ ਦੇ ਅਧਿਕਾਰੀ ਹੀ ਦੱਸਣਗੇ, ਪਰ ਉਨ੍ਹਾਂ ਦੀ ਟੀਮ ਦੂਜੇ ਟਰਾਂਸਫਾਰਮਰ ਤੇ ਹੋਰ ਬਦਲਵੇਂ ਪ੍ਰਬੰਧਾਂ ਰਾਹੀਂ ਬਿਜਲੀ ਸਪਲਾਈ ਬਹਾਲ ਕਰਨ ਲਈ ਮੌਕੇ ਤੇ ਪੁੱਜ ਗਈ ਹੈ ਅਤੇ ਪੰਜ ਸੱਤ ਘੰਟਿਆਂ ਦੇ ਅੰਦਰ ਠੱਪ ਹੋਈ ਬਿਜਲੀ ਸਪਲਾਈ ਨੂੰ ਮੁੜ ਬਹਾਲ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਲਈ ਟੈਸਟਿੰਗ ਟੀਮਾਂ ਮੌਕੇ ਤੇ ਪੁੱਜ ਕੇ ਜਾਂਚ ਵਿੱਚ ਜੁੱਟ ਗਈਆਂ ਹਨ।