ਪੱਤਰ ਪ੍ਰੇਰਕ
ਮਜੀਠਾ, 9 ਅਗਸਤ
ਇਥੇ ਕੱਢੀ ਗਈ ਤਿਰੰਗਾ ਯਾਤਰਾ ਵਿੱਚ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁੱਣ ਚੁੱਘ ਸ਼ਾਮਲ ਹੋਏ। ਇਹ ਯਾਤਰਾ ਹਲਕਾ ਮਜੀਠਾ ਦੇ ਭਾਜਪਾ ਇੰਚਾਰਜ ਪ੍ਰਦੀਪ ਸਿੰਘ ਭੁੱਲਰ ਦੀ ਅਗਵਾਈ ਵਿੱਚ ਕੱਢੀ ਗਈ। ਸ੍ਰੀ ਚੁੱਘ ਨੇ ਬਿਜਲੀ ਸੋਧ ਬਿਲ ਸਬੰਧੀ ਕਿਹਾ ਕਿ ਇਸ ਬਿੱਲ ਬਾਰੇ ‘ਆਪ’ ਕਿਸਾਨਾਂ ਤੇ ਲਾਭਪਾਤਰੀਆਂ ਨੂੰ ਗੁੰਮਰਾਹ ਕਰ ਰਹੀ ਹੈ ਪਰ ਬਿਲ ਨਾਲ ਕਿਸਾਨਾਂ ਜਾਂ ਬਿਜਲੀ ਦੀਆਂ ਸਬਸਿਡੀਆਂ ’ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਅੱਜ ਵਾਲੇ ਦਿਨ 9 ਅਗਸਤ 1942 ਨੂੰ ਦੇਸ਼ ਅੰਦਰ ਸੁਤੰਤਰਤਾ ਸੈਨਾਨੀਆਂ ਨੇ ਅੰਗਰੇਜ਼ੋ ਭਾਰਤ ਛੱਡੋ ਬਾਰੇ ਆਵਾਜ਼ ਉਠਾਈ ਸੀ। ਇਸ ਦੀ ਅੱਜ 80ਵੀਂ ਵਰ੍ਹੇਗੰਢ ’ਤੇ ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ’ਤੇ ਹਰ ਘਰ ਤਿਰੰਗਾ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਤੇ 9, 10 ਤੇ 11 ਅਗਸਤ ਨੂੰ ਪੂਰੇ ਦੇਸ਼ ’ਚ ਤਿਰੰਗਾ ਯਾਤਰਾ ਕੱਢੀ ਜਾਵੇਗੀ ਜਿਸ ਦੀ ਸ਼ੁਰੂਆਤ ਮਜੀਠਾ ਤੋਂ ਕੀਤੀ ਗਈ ਹੈ।