ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਜਨਵਰੀ
ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਨੇ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਜਿਸ ਦੇ ਚਲਦਿਆਂ ਅੱਜ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਵਰਕਰਾਂ ਨਾਲ ਵਰਚੁਅਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ‘ਆਪ’ ਲਈ ਚੋਣਾਂ ਸੱਤਾ ਹਾਸਲ ਕਰਨ ਦਾ ਜ਼ਰੀਆ ਨਹੀਂ, ਸਗੋਂ ਦੇਸ਼ ਤੇ ਸਮਾਜ ਨੂੰ ਬਦਲਣ ਦਾ ਜ਼ਰੀਆ ਹੈ। 70 ਸਾਲ ਤੋਂ ਪੰਜਾਬ ’ਤੇ ਦੋ ਹੀ ਪਾਰਟੀਆਂ ਬਦਲ-ਬਦਲ ਕੇ ਰਾਜ ਕਰਦੀਆਂ ਆ ਰਹੀਆਂ ਹਨ ਜਦੋਂ ਕਿ ਕੁਝ ਨਹੀਂ ਬਦਲਿਆ। ਇਹ ਚੋਣਾਂ ਬਦਲਾਅ ਲਿਆਉਣ ਦਾ ਮੌਕਾ ਹਨ।
ਸ੍ਰੀ ਕੇਜਰੀਵਾਲ ਨੇ ਪਾਰਟੀ ਵਰਕਰਾਂ ਨੂੰ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਜਦੋਂ ਉਹ ਚੋਣ ਪ੍ਰਚਾਰ ਲਈ ਨਿਕਲਣ ਤਾਂ ਉਹ ਸਿਰਫ਼ ਇਕ ਇਰਾਦੇ ਨਾਲ ਨਿਕਲਣ ਕਿ ਉਹ ਦੇਸ਼ ਵਿੱਚ ਵੱਡੇ ਬਦਲਾਅ ਲਈ ਕੰਮ ਕਰ ਰਹੇ ਹਨ। ਚੋਣਾਂ ਦਾ ਮਕਸਦ ਇੱਕ ਪਾਰਟੀ ਨੂੰ ਬਦਲ ਕੇ ਦੂਜੀ ਪਾਰਟੀ ਲਿਆਉਣਾ ਨਹੀਂ ਸਗੋਂ ਭ੍ਰਿਸ਼ਟ ਸਿਸਟਮ ਨੂੰ ਜੜ੍ਹੋਂ ਪੁੱਟ ਕੇ ਇਮਾਨਦਾਰ ਸਿਸਟਮ ਲਿਆਉਣਾ ਹੈ। ਦਿੱਲੀ ਦੀ ‘ਆਪ’ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਬਦਲਾਅ ਸੰਭਵ ਹੈ ਤੇ ਇਮਾਨਦਾਰੀ ਨਾਲ ਵੀ ਸਰਕਾਰਾਂ ਚਲਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਨੇ ਇਮਾਨਦਾਰੀ ਨਾਲ ਸਰਕਾਰੀ ਸਕੂਲਾਂ ਦਾ ਸੁਧਾਰ ਕੀਤਾ ਜਿੱਥੇ ਅੱਜ ਗਰੀਬਾਂ ਦੇ ਬੱਚਿਆਂ ਨੂੰ ਵੀ ਅਮੀਰਾਂ ਦੇ ਬੱਚਿਆਂ ਵਾਂਗ ਮਿਆਰੀ ਸਿੱਖਿਆ ਦਿੱਤੀ ਜਾ ਰਹੀ ਹੈ।‘ਆਪ’ ਦੇ ਕੌਮੀ ਕਨਵੀਨਰ ਨੇ ਪਾਰਟੀ ਵਰਕਰਾਂ ਨੂੰ ਅੱਜ ਤੋਂ ਅਤੇ ਹੁਣ ਤੋਂ ਹੀ ਘਰ-ਘਰ ਚੋਣ ਪ੍ਰਚਾਰ ਸ਼ੁਰੂ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਜਦੋਂ ਵਰਕਰ ਡੋਰ-ਟੂ-ਡੋਰ ਪ੍ਰਚਾਰ ਕਰਨ ਲਈ ਜਾਣ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦਾ ਹਾਲ ਪੁੱਛਣ ਤੇ ਜੇਕਰ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਉਸ ਦੀ ਮਦਦ ਕੀਤੀ ਜਾਵੇ। ਇਸ ਤੋਂ ਬਾਅਦ ਦਿੱਲੀ ’ਚ ਸਕੂਲ, ਹਸਪਤਾਲ, ਸੜਕਾਂ, ਬਿਜਲੀ ਅਤੇ ਪਾਣੀ ਦੇ ਸੁਚਾਰੂ ਪ੍ਰਬੰਧਾਂ ਬਾਰੇ ਦੱਸਿਆ ਜਾਵੇ। ਸ੍ਰੀ ਕੇਜਰੀਵਾਲ ਨੇ ਪਾਰਟੀ ਵਰਕਰਾਂ ਨੂੰ ਚੋਣ ਪ੍ਰਚਾਰ ਦੌਰਾਨ ਕਿਸੇ ਦੀ ਬੁਰਾਈ ਕਰਨ ਦੀ ਥਾਂ ਦਿੱਲੀ ਸਰਕਾਰ ਦੇ ਕੰਮਾਂ ਦਾ ਪ੍ਰਚਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਪਾਰਟੀ ਵਰਕਰਾਂ ਨੂੰ ਸੋਸ਼ਲ ਮੀਡੀਆ ਜ਼ਰੀਏ ਹਰ ਇਕ ਤਕ ਪਹੁੰਚ ਕਰਨ ਲਈ ਕਿਹਾ।