ਦੇਵਿੰਦਰ ਸਿੰਘ ਜੱਗੀ
ਪਾਇਲ, 18 ਫਰਵਰੀ
ਭਾਵੇਂ ਨਗਰ ਕੌਂਸਲ ਪਾਇਲ ਦੇ ਚੋਣ ਨਤੀਜੇ ਕਾਂਗਰਸ ਦੇ ਹੱਕ ਵਿੱਚ ਆਏ ਹਨ ਪਰ ਕਈ ਵਾਰਡਾਂ ਵਿੱਚ ਉਮੀਦਵਾਰਾਂ ਦੇ ਹੱਕ ਵਿੱਚ ਭੁਗਤਣ ਵਾਲੇ ਕੁਝ ਆਗੂਆਂ ਸਮੇਤ ਆਮ ਲੋਕਾਂ ਦੀਆਂ ਵਾਇਰਲ ਹੋਈਆਂ ਆਡੀਓਜ਼-ਵੀਡੀਓਜ਼ ਨੇ ਭੇਤ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਸੋਸ਼ਲ ਮੀਡੀਆ ’ਤੇ ਕਾਂਗਰਸੀ ਉਮੀਦਵਾਰ ਮੋਨਿਕਾ ਦੇ ਪਤੀ ਰਜਿੰਦਰ ਕੁਮਾਰ ਵੱਲੋਂ ਵਾਇਰਲ ਕੀਤੀ ਗਈ ਆਡੀਓ ਵਿੱਚ ਭਾਜਪਾ ਛੱਡ ਕੇ ਕਾਂਗਰਸੀ ਬਣੇ ਆਗੂ ਵੱਲੋਂ ਅਕਾਲੀ ਉਮੀਦਵਾਰ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਗੱਲ ਸੁਣਨ ਨੂੰ ਮਿਲ ਰਹੀ ਹੈ। ਰਜਿੰਦਰ ਕੁਮਾਰ ਨੇ ਕਿਹਾ ਕਿ ਕਿਸਾਨ ਅੰਦੋਲਨ ਕਾਰਨ ਭਾਜਪਾ ਆਗੂ ਕਾਂਗਰਸ ਵੱਲ ਭੱਜੇ ਆ ਰਹੇ ਹਨ, ਪਰ ਉਨ੍ਹਾਂ ਦਾ ਅਕਾਲੀ-ਭਾਜਪਾ ਨਾਲੋਂ ਮੋਹ-ਭੰਗ ਨਹੀਂ ਹੋ ਰਿਹਾ। ਉਨ੍ਹਾਂ ਦਾਅਵਾ ਕੀਤਾ ਕਿ ਜੇ ਵਾਰਡ ਨੰਬਰ 9 ਵਿੱਚ ਭਾਜਪਾ ਆਗੂ ਕਾਂਗਰਸੀ ਉਮੀਦਵਾਰ ਦਾ ਵਿਰੋਧ ਨਾ ਕਰਦਾ ਤਾਂ ਕਾਂਗਰਸ ਇਹ ਸੀਟ ਜਿੱਤ ਕੇ ਅਕਾਲੀ ਦਲ ਦਾ ਗੜ੍ਹ ਤੋੜ ਸਕਦੀ ਸੀ।
ਇਸੇ ਤਰ੍ਹਾਂ ਨਗਰ ਕੌਂਸਲ ਪਾਇਲ ਦੇ ਸਾਬਕਾ ਪ੍ਰਧਾਨ ਵੱਲੋਂ ਅਕਾਲੀ ਦਲ ਦਾ ਵਿਰੋਧ ਕਰਨ ਤੇ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ਵਿੱਚ ਭੁਗਤਣ, ਹਲਕਾ ਇੰਚਾਰਜ ਵੱਲੋਂ ਉਸ ਕੋਲੋਂ ਲੈ ਕੇ ਵਿਧਾਨ ਸਭਾ ਚੋਣਾਂ ਵਿੱਚ 44 ਲੱਖ ਅਤੇ ਸੁਖਬੀਰ ਬਾਦਲ ਦੀ ਰੈਲੀ ’ਤੇ 8 ਲੱਖ ਰੁਪਏ ਖਰਚ ਕਰਨ ਅਤੇ ਰੁਪਏ ਵਾਪਸ ਨਾ ਕਰਨ ਦੀ ਵਾਇਰਲ ਹੋਈ ਵੀਡੀਓ ਨੇ ਹਲਕੇ ਅੰਦਰ ਨਵੀਂ ਚਰਚਾ ਛੇੜ ਦਿੱਤੀ ਹੈ, ਜੋ ਸਬੰਧਤ ਆਗੂਆਂ ਮੁਤਾਬਿਕ ਸਚਾਈ ਤੋਂ ਕੋਹਾਂ ਦੂਰ ਹੈ। ਨਤੀਜਿਆਂ ਤੋਂ ਬਾਅਦ ਵਾਰਡ ਨੰ. 5 ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਨੀਤਾ ਸ਼ਰਮਾ ਦੇ ਪੁੱਤਰ ਵੱਲੋਂ ਚੋਣਾਂ ਵਿੱਚ ਧੱਕੇਸ਼ਾਹੀ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਚੁੱਕੀ ਹੈ।