ਜਸਵੰਤ ਜੱਸ
ਫ਼ਰੀਦਕੋਟ, 4 ਸਤੰਬਰ
ਭਾਰਤ ਸਰਕਾਰ ਵੱਲੋਂ ਇਸ ਸਾਲ ਸਰਕਾਰੀ ਪ੍ਰਾਇਮਰੀ ਸਕੂਲ ਵਾੜਾ ਭਾਈਕੇ ਦੇ ਅਧਿਆਪਕ ਰਾਜਿੰਦਰ ਕੁਮਾਰ ਨੂੰ “ਨੈਸ਼ਨਲ ਅਧਿਆਪਕ ਐਵਾਰਡ-2020” ਲਈ ਚੁਣਿਆ ਹੈ। ਦੇਸ਼ ਭਰ ਵਿੱਚੋਂ ਇਸ ਐਵਾਰਡ ਚੁਣੇ ਗਏ 47 ਅਧਿਆਪਕਾਂ ਵਿੱਚੋਂ ਰਾਜਿੰਦਰ ਕੁਮਾਰ ਪੰਜਾਬ ਵਿੱਚੋਂ ਇਕਲੌਤਾ ਅਧਿਆਪਕ ਹੈ। ਸਾਲ 2008 ਵਿੱਚ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਵਾਲੇ ਰਾਜਿੰਦਰ ਕੁਮਾਰ ਨੇ ਫਿਜ਼ਿਕਸ ਵਿੱਚ ਐੱਮਐੱਸਸੀ ਅਤੇ ਬੀਐੱਡ ਕੀਤੀ ਹੋਈ ਹੈ। ਆਪਣੀਆਂ ਸ਼ਾਨਦਾਰ ਸੇਵਾਵਾਂ ਕਰਕੇ ਅਧਿਆਪਕ ਰਾਜਿੰਦਰ ਕੁਮਾਰ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਤੋਂ ਸਟੇਟ ਐਵਾਰਡ ਹਾਸਲ ਕਰ ਚੁੱਕਾ ਹੈ। ਇਸ ਅਧਿਆਪਕ ਨੇ ਵਾੜਾ ਭਾਈਕੇ ਸਕੂਲ ਦੀ ਦਿੱਖ ਸਭ ਤੋਂ ਵਿਲੱਖਣ ਬਣਾਈ ਹੈ। ਰਾਜਿੰਦਰ ਕੁਮਾਰ ਦੀ ਪਤਨੀ ਹਰਿੰਦਰ ਕੌਰ ਨੇ ਵੀ ਐੱਮਐੱਸਸੀ ਫਿਜ਼ਿਕਸ ਅਤੇ ਬੀਐੱਡ ਕੀਤੀ ਹੋਈ ਹੈ ਅਤੇ ਉਹ ਵੀ ਵਾੜਾ ਭਾਈਕਾ ਸਕੂਲ ਵਿੱਚ ਹੀ ਤਾਇਨਾਤ ਹੈ। ਅਧਿਆਪਕ ਰਾਜਿੰਦਰ ਕੁਮਾਰ ਨੇ ਸਕੂਲ ਵਿੱਚ ਸਾਊਂਡ ਸਿਸਟਮ ਤਿਆਰ ਕੀਤਾ ਹੈ, ਜਿਸ ਦੀ ਬਾਜ਼ਾਰ ਵਿੱਚ ਕੀਮਤ 40 ਹਜਾਰ ਰੁਪਏ ਹੈ ਪਰ ਰਾਜਿੰਦਰ ਕੁਮਾਰ ਨੇ ਇਹ ਪ੍ਰਾਜੈਕਟ ਸਿਰਫ਼ 1500 ਰੁਪਏ ਵਿੱਚ ਤਿਆਰ ਕੀਤਾ ਹੈ। ਇਸ ਤਕਨੀਕ ਨਾਲ ਅਧਿਆਪਕ ਇੱਕ ਕਮਰੇ ਵਿੱਚ ਬੈਠ ਕੇ ਸਕੂਲ ਦੇ ਕਮਰਿਆਂ ਦੀਆਂ ਕਲਾਸਾਂ ਨੂੰ ਸੰਬੋਧਨ ਕਰ ਸਕਦਾ ਹੈ। ਇਸ ਅਧਿਆਪਕ ਵੱਲੋਂ ਇੱਕ ਲਿਸਨਿੰਗ ਲੈਬ ਵੀ ਤਿਆਰ ਕੀਤੀ ਗਈ ਸੀ, ਜਿਸ ਦੀ ਕੀਮਤ ਬਾਜ਼ਾਰ ਵਿੱਚ 35 ਹਜ਼ਾਰ ਰੁਪਏ ਹੈ ਪਰ ਉਸ ਨੇ ਇਹ ਸਿਰਫ਼ 1200 ਰੁਪਏ ਵਿੱਚ ਤਿਆਰ ਕੀਤੀ ਹੈ। ਰਾਜਿੰਦਰ ਕੁਮਾਰ ਅਤੇ ਉਸ ਦੀ ਪਤਨੀ ਨੂੰ ਸਾਇੰਸ ਅਧਿਆਪਕ ਵਜੋਂ ਦੋ ਵਾਰ ਤਰੱਕੀ ਮਿਲੀ ਪਰ ਤਰੱਕੀ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਪ੍ਰਾਇਮਰੀ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਲਈ ਪ੍ਰਾਇਮਰੀ ਸਕੂਲ ਵਿੱਚ ਹੀ ਰਹਿਣ ਦਾ ਫੈਸਲਾ ਕੀਤਾ। ਇਸ ਅਧਿਆਪਕ ਦੇ ਸਕੂਲ ਵਿੱਚ ਇਸ ਵੇਲੇ ਸੱਤ ਪਿੰਡਾਂ ਦੇ ਬੱਚੇ ਪੜਣ ਲਈ ਆਉਂਦੇ ਹਨ। ਰਾਜਿੰਦਰ ਕੁਮਾਰ ਅਧਿਆਪਕ ਅਧੀਨ ਚੱਲ ਰਹੇ ਪ੍ਰਾਇਮਰੀ ਸਕੂਲ ਦੀ ਦਿੱਖ ਅਤੇ ਪ੍ਰਬੰਧ ਬੇਹੱਦ ਵਿਲੱਖਣ ਹਨ। ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਇਸ ਸਕੂਲ ਦਾ ਦੌਰਾ ਕਰ ਚੁੱਕੇ ਹਨ ਅਤੇ ਅਧਿਆਪਕ ਰਾਜਿੰਦਰ ਕੁਮਾਰ ਨੂੰ ਸੂਬਾ ਪੱਧਰੀ ਸਮਾਗਮਾਂ ਵਿੱਚ ਆਪਣੇ ਤਜ਼ਰਬੇ ਸਾਂਝੇ ਕਰਨ ਲਈ ਪ੍ਰੇਰਿਤ ਕੀਤਾ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਮਨਿੰਦਰ ਕੌਰ ਨੇ ਦੱਸਿਆ ਕਿ ਕੋਵਿਡ-19 ਕਰਕੇ ਰਾਜਿੰਦਰ ਕੁਮਾਰ ਦਾ ਸਨਮਾਨ ਭਾਰਤ ਸਰਕਾਰ ਵੱਲੋਂ ਵੈੱਬਨਾਰ ਰਾਹੀਂ ਕੀਤਾ ਜਾਵੇਗਾ ਅਤੇ ਐਵਾਰਡ ਡਿਪਟੀ ਕਮਿਸ਼ਨਰ ਫਰੀਦਕੋਟ ਵੱਲੋਂ ਦਿੱਤਾ ਜਾਵੇਗਾ।