ਜੋਗਿੰਦਰ ਸਿੰਘ ਮਾਨ
ਮਾਨਸਾ, 31 ਜੁਲਾਈ
ਕਿਸਾਨੀ ਸੰਘਰਸ਼ਾਂ ਨਾਲ ਜੁੜੇ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀਬਾਘਾ ਦੇ ਬਾਸਕਟਬਾਲ ਖਿਡਾਰੀ ਹਰਜੀਤ ਸਿੰਘ ਦੀ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਐੱਨਬੀਏ) ਲਈ ਚੋਣ ਹੋਈ ਹੈ, ਜਿਸ ਤੋਂ ਬਾਅਦ ਉਹ ਅਮਰੀਕਾ ਦੀ ਟੀਮ ਵਿੱਚ ਖੇਡੇਗਾ। ਐੱਨਬੀਏ, ਉਤਰੀ ਅਮਰੀਕਾ ਵਿੱਚ ਬਾਸਕਟਬਾਲ ਦੇ ਵੱਡੇ ਟੂਰਨਾਮੈਂਟ ਕਰਵਾਉਂਦੀ ਹੈ। ਹਰਜੀਤ ਸਿੰਘ ਅੱਠ ਸਾਲਾਂ ਦੀ ਸਿਖਲਾਈ ਹਾਸਲ ਕਰਕੇ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਲਈ ਚੁਣਿਆ ਗਿਆ ਹੈ। ਇਸ ਨਾਲ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਹਰਜੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਪਿੰਡ, ਮਾਪਿਆਂ, ਸੀਨੀਅਰ ਖਿਡਾਰੀਆਂ ਅਤੇ ਦੇਸ਼ ਦਾ ਨਾਂ ਰੋਸ਼ਨ ਕਰੇਗਾ। ਹਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਸੁਪਨਾ ਐਨਬੀਏ ਲੀਗ ਖੇਡਣ ਦਾ ਸੀ ਜੋ ਹੁਣ ਪੂਰਾ ਹੋ ਗਿਆ ਹੈ। ਹਰਜੀਤ ਦੇ ਕੋਚ ਰਾਜਿੰਦਰ ਸਿੰਘ ਨੇ ਦੱਸਿਆ ਕਿ ਹਰਜੀਤ ਪਿਛਲੇ 8 ਸਾਲਾਂ ਤੋਂ ਇਥੇ ਅਭਿਆਸ ਕਰ ਰਿਹਾ ਸੀ ਤੇ ਉਸ ਦੇ ਮਾਅਰਕੇ ’ਤੇ ਉਨ੍ਹਾਂ ਨੂੰ ਮਾਣ ਹੈ। ਹਰਜੀਤ ਸਿੰਘ ਦੇ ਪਿਤਾ ਜਗਤਾਰ ਸਿੰਘ ਨੇ ਆਪਣੇ ਪੁੱਤ ਦੀ ਪ੍ਰਾਪਤੀ ’ਤੇ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਹਰਜੀਤ ਨੇ ਆਪਣੀ ਮਿਹਨਤ ਨਾਲ ਪਹਿਲਾਂ ਪਟਿਆਲਾ ਦਾਖ਼ਲਾ ਲਿਆ ਅਤੇ ਹੁਣ ਇਸ ਦੀ ਚੋਣ ਐਨਬੀਏ ਲਈ ਹੋ ਗਈ ਹੈ।