ਨਵੀਂ ਦਿੱਲੀ, 15 ਨਵੰਬਰ
ਚੋਣ ਕਮਿਸ਼ਨ ਨੂੰ ਇੱਕ ਜਥੇਬੰਦੀ ਕੋਲੋਂ ਇਸ ਦੀ ‘ਪੰਜਾਬ ਲੋਕ ਕਾਂਗਰਸ’ ਦੇ ਨਾਂ ਨਾਲ ਇੱਕ ਰਾਜਨੀਤਕ ਪਾਰਟੀ ਵਜੋਂ ਰਜਿਸਟ੍ਰੇਸ਼ਨ ਕਰਨ ਸਬੰਧੀ ਅਰਜ਼ੀ ਮਿਲੀ ਹੈ। ਸੂਤਰਾਂ ਮੁਤਾਬਕ ਇਹ ਕਾਰਵਾਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਤੋਂ ਅਸਤੀਫ਼ਾ ਦੇਣ ਮਗਰੋਂ ਅਤੇ ਇਸ ਨਾਂ ਤੋਂ ਇੱਕ ਰਾਜਨੀਤਕ ਪਾਰਟੀ ਬਣਾਉਣ ਸਬੰਧੀ ਕੀਤੇ ਐਲਾਨ ਤੋਂ ਕੁਝ ਦਿਨਾਂ ਬਾਅਦ ਹੋਈ ਹੈ। ਕਮਿਸ਼ਨ ਵਿੱਚ ਇੱਕ ਸੂਤਰ ਨੇ ਦੱਸਿਆ,‘ਚੋਣ ਕਮਿਸ਼ਨ ਨੂੰ ਇੱਕ ਐਸੋਸੀਏਸ਼ਨ ਵੱਲੋਂ ਜਨ ਪ੍ਰਤੀਨਿਧ ਐਕਟ ਦੀ ਧਾਰਾ 29 ਏ ਤਹਿਤ ਇਸ ਦੀ ‘ਪੰਜਾਬ ਲੋਕ ਕਾਂਗਰਸ’ ਪਾਰਟੀ ਦੇ ਨਾਂ ਨਾਲ ਰਾਜਨੀਤਕ ਪਾਰਟੀ ਵਜੋਂ ਰਜਿਸਟ੍ਰੇਸ਼ਨ ਕਰਨ ਸਬੰਧੀ ਇੱਕ ਅਰਜ਼ੀ ਮਿਲੀ ਹੈ।’ ਸੂਤਰਾਂ ਮੁਤਾਬਕ ਅਰਜ਼ੀ ’ਤੇ ਕਾਰਵਾਈ ਚੱਲ ਰਹੀ ਹੈ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਤੇ ਸੀਨੀਅਰ ਪਾਰਟੀ ਆਗੂਆਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ’ਤੇ ਉਨ੍ਹਾਂ ਨੂੰ ਕਾਂਗਰਸ ’ਚੋਂ ਬਾਹਰ ਕਰਨ ਲਈ ਰਾਤੋ-ਰਾਤ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਸੀ। -ਪੀਟੀਆਈ