ਜੈਸਮੀਨ ਭਾਰਦਵਾਜ
ਨਾਭਾ, 31 ਜਨਵਰੀ
ਕਾਂਗਰਸ ਪਾਰਟੀ ਵੱਲੋਂ 25 ਸਾਲ ਵਿਧਾਇਕ ਰਹਿ ਚੁੱਕੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਿਧਾਨ ਸਭਾ ਚੋਣਾਂ ਲਈ ਅੱਜ ਨਾਮਜ਼ਦਗੀ ਦਾਖਲ ਕਰਵਾਈ, ਪਰ ਸ਼ਹਿਰ ਵਿੱਚ ਰੋਡ ਸ਼ੋਅ ਕੱਢਣ ਕਾਰਨ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਦਿੱਤਾ।
ਝੰਡੀਆਂ ਹੱਥ ’ਚ ਫੜੀ ਪਾਰਟੀ ਵਰਕਰਾਂ ਨਾਲ ਧਰਮਸੋਤ ਫੁੱਲਾਂ ਨਾਲ ਸਜੀ ਖੁੱਲ੍ਹੀ ਗੱਡੀ ਵਿੱਚ ਖੜ੍ਹੇ ਹੋ ਕੇ ਪਹਿਲਾਂ ਗੁਰਦੁਆਰਾ ਸਾਹਿਬ ਤੇ ਫਿਰ ਮੰਦਰ ’ਚ ਨਤਮਸਤਕ ਹੋਏ, ਫਿਰ ਬਾਜ਼ਾਰਾਂ ਵਿੱਚੋਂ ਰੋਡ ਸ਼ੋਅ ਕੱਢਦੇ ਹੋਏ ਐੱਸਡੀਐੱਮ ਦਫ਼ਤਰ ਪਹੁੰਚੇ। ਰਿਟਰਨਿੰਗ ਅਫ਼ਸਰ ਕਨੂੰ ਗਰਗ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਲਗਾਈਆਂ ਪਾਬੰਦੀਆਂ ਦੇ ਸਬੰਧ ’ਚ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਧੂ ਸਿੰਘ ਧਰਮਸੋਤ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ ਤੇ ਉਸ ਪਿੱਛੋਂ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਹਾਲਾਂਕਿ ਸਾਧੂ ਸਿੰਘ ਧਰਮਸੋਤ ਨੇ ਇਸ ਨੂੰ ਰੋਡ ਸ਼ੋਅ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਤਾਂ ਇਕੱਲੇ ਹੀ ਗਏ ਸਨ ਤੇ ਮੰਦਰ ਸ਼ਹਿਰ ਦੇ ਮੁੱਖ ਬਾਜ਼ਾਰ ਦੇ ਮੱਧ ਵਿੱਚ ਹੈ, ਜਿਸ ਕਰਕੇ ਉਹ ਬਾਜ਼ਾਰ ਵਿੱਚੋਂ ਲੰਘੇ ਸਨ। ਰਸਤੇ ਵਿੱਚ ਵਰਕਰ ਉਨ੍ਹਾਂ ਨੂੰ ਦੇਖ ਕੇ ਆਪ ਮੁਹਾਰੇ ਹੀ ਨਾਲ ਜੁੜ ਗਏ। ਉਨ੍ਹਾਂ ਨੇ ਕੋਈ ਰੋਡ ਸ਼ੋਅ ਨਹੀਂ ਕੀਤਾ, ਇਸ ਲਈ ਇਸ ਨੂੰ ਰੋਡ ਸ਼ੋਅ ਨਹੀਂ ਕਿਹਾ ਜਾ ਸਕਦਾ।