ਨਿੱਜੀ ਪੱਤਰ ਪ੍ਰੇਰਕ
ਜਲੰਧਰ, 9 ਫਰਵਰੀ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲੰਘੀ ਰਾਤ ਜਲੰਧਰ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਕੀਤੀਆਂ ਚੋਣ ਮੀਟਿੰਗਾਂ ਤੇ ਰੋਡ ਸ਼ੋਅ ’ਚ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਈਆਂ ਗਈਆਂ। ਚੋਣ ਕਮਿਸ਼ਨ ਨੇ ਕਾਂਗਰਸੀ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਤੇ ਕਾਂਗਰਸ ਦੇ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਬਲਰਾਜ ਠਾਕੁਰ ਨੂੰ ਨੋਟਿਸ ਭੇਜੇ ਹਨ। ਰਿਟਰਨਿੰਗ ਅਫ਼ਸਰ ਜਲੰਧਰ ਪੱਛਮੀ ਅਤੇ ਉੱਤਰੀ ਵੱਲੋਂ ਭੇਜੇ ਗਏ ਨੋਟਿਸਾਂ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ’ਚ ਚੋਣ ਜ਼ਾਬਤੇ ਦੀ ਉਲੰਘਣਾ ਕਰਦਿਆਂ ਰਾਤ 8 ਵਜੇ ਮਗਰੋਂ ਚੋਣ ਪ੍ਰਚਾਰ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਪਬਲਿਕ ਮੀਟਿੰਗਾਂ ਤੇ ਰੋਡ ਸ਼ੋਅ ਕੀਤਾ। ਦੋਵਾਂ ਆਗੂਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣਾ ਸਪੱਸ਼ਟੀਕਰਨ 10 ਫਰਵਰੀ ਨੂੰ ਦਫ਼ਤਰ ਵਿੱਚ ਪੇਸ਼ ਹੋ ਕੇ ਦੇਣ।
ਵੱਡੇ ਤੜਕੇ ਤੱਕ ਕੇਪੀ ਨਾਲ ਗੁਫਤਗੂ ਕਰਦੇ ਰਹੇ ਚੰਨੀ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੰਘੀ ਅੱਧੀ ਰਾਤ ਨੂੰ ਸਾਬਕਾ ਮੰਤਰੀ ਮਹਿੰਦਰ ਸਿੰਘ ਕੇਪੀ ਦੇ ਘਰ ਪਹੁੰਚੇ। ਉਥੇ ਉਹ ਵੱਡੇ ਤੜਕੇ ਤੱਕ ਰੁਕੇ ਰਹੇ ਤੇ ਉਸ ਤੋਂ ਬਾਅਦ ਉਹ ਮੋਰਿੰਡੇ ਲਈ ਰਵਾਨਾ ਹੋ ਗਏ। ਕਾਂਗਰਸੀ ਆਗੂਆਂ ਨੇ ਦੱਸਿਆ ਕਿ ਮਹਿੰਦਰ ਸਿੰਘ ਕੇਪੀ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਕਾਰ ਰਾਤ 1 ਵਜੇ ਤੋਂ ਲੈ ਕੇ ਤੜਕੇ 3 ਵਜੇ ਤੱਕ ਗੱਲਬਾਤ ਹੁੰਦੀ ਰਹੀ। ਹਾਲਾਂਕਿ ਸੂਹੀਆ ਏਜੰਸੀਆਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਰਾਤ 1 ਤੋਂ 2 ਵਜੇ ਤੱਕ ਕੇਪੀ ਨਾਲ ਗੱਲਬਾਤ ਕਰਦੇ ਰਹੇ, ਜਦਕਿ ਕਾਂਗਰਸੀ ਆਗੂਆਂ ਦਾ ਕਹਿਣਾ ਸੀ ਕਿ ਸ੍ਰੀ ਚੰਨੀ ਤੜਕੇ 3 ਵਜੇ ਕੇਪੀ ਦੇ ਘਰ ਤੋਂ ਮੋਰਿੰਡੇ ਲਈ ਰਵਾਨਾ ਹੋਏ ਸਨ।