ਸੰਤੋਖ ਗਿੱਲ
ਗੁਰੂਸਰ ਸੁਧਾਰ, 31 ਜੁਲਾਈ
ਜੱਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਬਾਅਦ ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਦੇ ਬਜ਼ੁਰਗਾਂ ਵੱਲੋਂ ਬੁਲਾਈ ਅੱਜ ਦੀ ਵਿਸ਼ੇਸ਼ ‘ਕਿਸਾਨ ਸੰਸਦ’ ਦੀ ਕਾਰਵਾਈ ਸ਼ੁਰੂ ਕੀਤੀ ਗਈ। ਕਿਸਾਨ ਸੰਸਦ ਵਿੱਚ ‘ਬਹਿ ਕੇ ਦੇਖ ਸਰਕਾਰੇ, ਬਾਬੇ ਸੰਸਦ ਵੀ ਲਾਉਂਦੇ ਨੇ’ ਗੀਤ ਵੀ ਗੂੰਜਿਆ। ਇਸ ਮੌਕੇ ਪ੍ਰੋ. ਸੁਰਿੰਦਰ ਕੌਰ ਨੂੰ ਸਪੀਕਰ ਅਤੇ ਬੀਬੀ ਮਹਿੰਦਰ ਕੌਰ ਨੂੰ ਡਿਪਟੀ ਸਪੀਕਰ ਚੁਣਿਆ ਗਿਆ। ਕਿਸਾਨ ਆਗੂ ਬਲਰਾਜ ਸਿੰਘ ਕੋਟਉਮਰਾ, ਰਘਵੀਰ ਸਿੰਘ ਬੈਨੀਪਾਲ, ਹਰਨੇਕ ਸਿੰਘ ਗੁੱਜਰਵਾਲ ਅਤੇ ਸੁਰਜੀਤ ਸਿੰਘ ਸੀਲੋਂ ਨੇ ਬਹਿਸ ਵਿਚ ਹਿੱਸਾ ਲੈਂਦਿਆਂ ਕਿਹਾ ਕਿ ਸ਼ਹੀਦ ਊਧਮ ਸਿੰਘ ਸੁਨਾਮ ਨੇ ਕੇਵਲ ਜੱਲ੍ਹਿਆਂਵਾਲੇ ਬਾਗ਼ ਦਾ ਬਦਲਾ ਨਹੀਂ ਲਿਆ ਸੀ, ਸਗੋਂ ਸਿਧਾਂਤਕ ਤੌਰ ’ਤੇ ਬਰਤਾਨਵੀ ਸਾਮਰਾਜ ਵਿਰੁੱਧ ਆਪਣੀ ਲੜਾਈ ਸੇਧਿਤ ਕੀਤੀ ਸੀ। ਰਾਮ ਮੁਹੰਮਦ ਸਿੰਘ ਆਜ਼ਾਦ ਵਜੋਂ ਆਪਣਾ ਨਾਮ ਦਰਜ ਕਰਵਾ ਕੇ ਉਨ੍ਹਾਂ ਧਰਮ ਦੇ ਨਾਮ ’ਤੇ ਲੋਕਾਂ ਨੂੰ ਲੜਾਉਣ ਵਾਲਿਆਂ ਉੱਪਰ ਵੀ ਹਮਲਾ ਕੀਤਾ ਸੀ। ਸਰਕਾਰੀ ਪੱਖ ਪੂਰਨ ਲਈ ਬਣਾਏ ਕੇਂਦਰੀ ਮੰਤਰੀ ਜਗਤਾਰ ਸਿੰਘ ਚਕੋਹੀ, ਖੇਤੀ ਮੰਤਰੀ ਅਮਰੀਕ ਸਿੰਘ ਜੜਤੌਲੀ ਅਤੇ ਸਵਰਨਜੀਤ ਸਿੰਘ ਮੁੱਲਾਂਪੁਰ ਨੂੰ ਵਿਰੋਧੀ ਧਿਰ ਨੇ ਸੰਸਦ ਵਿੱਚ ਬੋਲਣ ਨਾ ਦਿੱਤਾ ਅਤੇ ਉਨ੍ਹਾਂ ਨੂੰ ਮੰਤਰੀ ਅਤੇ ਭਾਜਪਾ ਦੇ ਅਹੁਦਿਆਂ ਤੋਂ ਵੀ ਅਸਤੀਫ਼ਾ ਦੇਣ ਲਈ ਮਜਬੂਰ ਕਰ ਦਿੱਤਾ। ਜਨਵਾਦੀ ਇਸਤਰੀ ਸਭਾ ਦੀ ਆਗੂ ਅਮਨਦੀਪ ਕੌਰ, ਰਜਿੰਦਰ ਕੌਰ, ਪਰਮਜੀਤ ਕੌਰ ਅਤੇ ਸੁਖਵਿੰਦਰ ਕੌਰ ਨੇ ਵੀ ਬਹਿਸ ਵਿੱਚ ਭਾਗ ਲਿਆ।
‘ਸਾਮਰਾਜ ਵਿਰੋਧੀ ਦਿਵਸ’ ਮਨਾਇਆ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਸੂਬੇ ਵਿੱਚ 32 ਕਿਸਾਨ ਜਥੇਬੰਦੀਆਂ ਵੱਲੋਂ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਨੇਤਾਵਾਂ, ਰੇਲਵੇ ਸਟੇਸ਼ਨਾਂ ਦੇ ਪਾਰਕਾਂ, ਟੌਲ ਪਲਾਜ਼ਿਆਂ, ਅੰਬਾਨੀ ਅਤੇ ਅਡਾਨੀ ਟਿਕਾਣਿਆਂ ਅਤੇ ਪੈਟਰੋਲ ਪੰਪਾਂ ਸਮੇਤ ਸਵਾ ਸੌ ਤੋਂ ਵੱਧ ਥਾਵਾਂ ’ਤੇ ਚੱਲ ਰਹੇ ਧਰਨਿਆਂ ਦੌਰਾਨ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਨ ‘ਸਾਮਰਾਜ ਵਿਰੋਧੀ ਦਿਵਸ’ ਵਜੋਂ ਮਨਾਇਆ ਗਿਆ। ਦੋ ਮਿੰਟ ਦਾ ਮੌਨ ਧਾਰ ਕੇ ਭਾਵ-ਭਿੰਨੀ ਸ਼ਰਧਾਂਜਲੀ ਦੇਣ ਬਾਅਦ ਸ਼ਹੀਦ ਊਧਮ ਸਿੰਘ ਦੇ ਪ੍ਰਸੰਗ ’ਚ ਕਵੀਸ਼ਰੀਆਂ ਤੇ ਇਨਕਲਾਬੀ ਗੀਤਾਂ ਦਾ ਦੌਰ ਚੱਲਿਆ। ਬੁਲਾਰਿਆਂ ਨੇ ਕਿਹਾ ਕਿ ਪਿਛਲੇ ਦਿਨੀਂ ਯੂਪੀ ਭਾਜਪਾ ਦੇ ਪ੍ਰਮਾਣਿਤ ਟਵਿੱਟਰ ਹੈਂਡਲ ਰਾਹੀਂ ਇੱਕ ਕਾਰਟੂਨ ਨਸ਼ਰ ਕੀਤਾ ਗਿਆ, ਜਿਸ ਵਿੱਚ ਕਿਸਾਨ ਅੰਦੋਲਨਕਾਰੀਆਂ ਨੂੰ ‘ਚਮੜੀ ਉਧੇੜ ਦੇਣ’ ਤੱਕ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਕਿਸਾਨ ਜਥੇਬੰਦੀਆਂ ਨੇ ਭਾਜਪਾ ਦੀ ਹਰ ਚਾਲ ਦਾ ਮੂੰਹ ਤੋੜ ਜੁਆਬ ਦੇਣ ਦਾ ਸੱਦਾ ਦਿੱਤਾ ਹੈ।