ਨਿੱਜੀ ਪੱਤਰ ਪ੍ਰੇਰਕ
ਜਲੰਧਰ, 27 ਸਤੰਬਰ
ਇਥੋਂ ਦੇ ਵੇਰਕਾ ਪਲਾਂਟ ਨੇੜੇ ਪੈਂਦੇ ਸੰਤ ਵਿਹਾਰ ’ਚ ਵਾਪਰੀ ਘਟਨਾ ਦੌਰਾਨ ਇਕ ਬਜ਼ੁਰਗ ਔਰਤ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕਾ ਦੀ ਪਛਾਣ ਮਨਜੀਤ ਕੌਰ (60) ਪਤਨੀ ਸਾਬਕਾ ਫੌਜੀ ਪੂਰਨ ਸਿੰਘ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੇ ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਮਨਜੀਤ ਕੌਰ ਦੇ ਪਤੀ ਦੀ ਮੌਤ ਛੇ-ਸੱਤ ਸਾਲ ਪਹਿਲਾਂ ਹੋ ਚੁੱਕੀ ਸੀ ਤੇ ਉਹ ਘਰ ਵਿੱਚ ਇਕੱਲੀ ਰਹਿੰਦੀ ਸੀ। ਪੁਲੀਸ ਨੇ ਦੱਸਿਆ ਕਿ ਘਰ ਵਿੱਚ ਬਹੁਤਾ ਸਾਮਾਨ ਨਹੀਂ ਸੀ ਤੇ ਮ੍ਰਿਤਕਾ ਦੀ ਸੋਨੇ ਦੀ ਚੇਨੀ ਵੀ ਕੋਲ ਹੀ ਪਈ ਸੀ। ਪੁਲੀਸ ਨੇ ਦੱਸਿਆ ਕਿ ਮ੍ਰਿਤਕਾ ਦੇ ਸਮਾਨ ਵਿੱਚ ਇੱਕ ਡਾਇਰੀ ਮਿਲੀ ਹੈ ਜਿਸ ਵਿੱਚੋਂ ਸੰਪਰਕ ਨੰਬਰ ਲੱਭੇ ਜਾ ਰਹੇ ਹਨ।