ਇਕਬਾਲ ਸਿੰਘ ਸ਼ਾਂਤ
ਲੰਬੀ, 3 ਦਸੰਬਰ
ਸਰਕਾਰ ਹੱਥੋਂ ਬਰਬਾਦ ਹੋ ਰਹੀ ਕਿਸਾਨੀ ਨੂੰ ਬਚਾਉਣ ਲਈ ਬੱਸ ਕੰਡਕਟਰ-ਕਮ-ਅੱਡਾ ਇੰਚਾਰਜ 65 ਸਾਲਾ ਵੇਦ ਪ੍ਰਕਾਸ਼ ਸ਼ਰਮਾ ਉਰਫ਼ ਚਨਤੀ ਵੀ ਸਾਈਕਲ ’ਤੇ ਦਿੱਲੀ ਨੂੰ ਚੱਲ ਪਿਆ ਹੈ। ਵੇਦ ਪ੍ਰਕਾਸ਼ ਹੁਣ ਤੱਕ ਸਾਲਾਸਰ ਅਤੇ ਮਾਤਾ ਵੈਸ਼ਣੂ ਦੇਵੀ ਤੱਕ ਸਾਈਕਲ ’ਤੇ 14 ਧਾਰਮਿਕ ਯਾਤਰਾਵਾਂ ਕਰ ਚੁੱਕਿਆ ਹੈ। ਉਸ ਲਈ ਇਹ ਪੰਦਰਵੀਂ ਯਾਤਰਾ ਵੀ ਕਿਸੇ ਤੀਰਥ ਤੋਂ ਘੱਟ ਨਹੀਂ। ਵੇਦ ਪ੍ਰਕਾਸ਼ ਕੋਲ ਨਾ ਜ਼ਮੀਨ ਦਾ ਓੜਾ ਹੈ ਅਤੇ ਨਾ ਖੇਤੀ ਨਾਲ ਦੂਰ ਦਾ ਵਾਹ-ਵਾਸਤਾ। ਮੰਡੀ ਕਿੱਲਿਆਂਵਾਲੀ ਬੱਸ ਅੱਡੇ ’ਤੇ 40 ਸਾਲਾਂ ਦੀ ਬੱਸ ਕੰਡਕਟਰੀ ਦੌਰਾਨ ਡੱਬਵਾਲੀ-ਮਲੋਟ ਅਤੇ ਅਬੋਹਰ ਰੂਟ ’ਤੇ ਮੁਸਾਫ਼ਰਾਂ ਦੇ ਰੂਪ ’ਚ ਕਿਸਾਨ ਪੁਰਸ਼-ਔਰਤਾਂ ਨੂੰ ਮੰਜ਼ਿਲ ’ਤੇ ਪਹੁੰਚਾਉਣ ਤੱਕ ਸੀਮਤ ਜਿਹਾ ਰਿਸ਼ਤਾ ਹੈ। ਉਸ ਨੇ ਚਾਰ ਹਜ਼ਾਰ ’ਚ ਨਵਾਂ ਸਾਈਕਲ ਖਰੀਦਿਆ ਅਤੇ ਨਿੱਜੀ ਬੱਸ ਕੰਪਨੀ ਦੇ ਮਾਲਕਾਂ ਤੋਂ ਹਫ਼ਤੇ ਦੀ ਛੁੱਟੀ ਲਈ। ਵੇਦ ਪ੍ਰਕਾਸ਼ ਚਨਤੀ ਨੇ ਕਿਹਾ ਕਿ ਉਹ ਘਰੋਂ ਕਿਸਾਨ ਨਹੀਂ, ਤੇ ਨਾ ਹੀ ਉਸ ਕੋਲ ਜ਼ਮੀਨ ਹੈ ਪਰ ਉਸ ਨੂੰ ਇਹ ਪਤਾ ਹੈ ਕਿ ਜੇਕਰ ਕਿਸਾਨ ਦੀ ਜੇਬ ਖਾਲੀ ਹੋ ਗਈ ਤਾਂ ਹਰ ਵਰਗ ਦੀ ਆਰਥਿਕਤਾ ਖੁਰ ਜਾਵੇਗੀ। ਨਾਗਪਾਲ ਬੱਸ ਦੇ ਅੱਡਾ ਇੰਚਾਰਜ ਗੁਰਮੀਤ ਸਿੰਘ, ਓਰਬਿਟ ਦੇ ਗੁਰਲਾਲ ਸਿੰਘ, ਨਾਰਦਰਨ ਦੇ ਗੁਰਲਾਲ ਸਿੰਘ, ਆਟੋ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਅਤੇ ਅੱਡਾ ਮੈਨੇਜਰ ਬਲਵਿੰਦਰ ਰੌਣਕੀ ਨੇ ਚਨਤੀ ਨੂੰ ਰਵਾਨਾ ਕਰਦਿਆਂ ਕਿਹਾ ਕਿ ਜਿਹੜੀ ਗੱਲ ਇੱਕ ਸਾਧਾਰਨ ਕੰਡਕਟਰ ਦੀ ਸਮਝ ਵਿੱਚ ਆ ਰਹੀ ਹੈ ਉਹ ਦੇਸ਼ ਦੇ ਹਾਕਮਾਂ ਦੇ ਖਾਨੇ ਵਿੱਚ ਕਿਉਂ ਨਹੀਂ ਪੈ ਰਹੀ।