ਗੁਰਜੰਟ ਸਿੰਘ ਕਲਸੀ/ਯਸ਼ ਚਟਾਨੀ
ਸਮਾਲਸਰ/ਬਾਘਾਪੁਰਾਣਾ, 20 ਜੂਨ
ਬਾਘਾਪੁਰਾਣਾ ਦੇ ਮੋਗਾ ਰੋਡ ’ਤੇ ਅੱਜ ਸਵੇਰੇ ਤੇਜ਼ ਰਫ਼ਤਾਰ ਟਰੱਕ ਦੀ ਲਪੇਟ ਵਿਚ ਆਉਣ ਕਾਰਨ ਮੋਟਰਸਾਈਕਲ ਸਵਾਰ ਬਿਰਧ ਜੋੜੇ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਦਰਸ਼ਨ ਸਿੰਘ (60) ਅਤੇ ਬਲਜੀਤ ਕੌਰ (58) ਵਾਸੀ ਬੱਡੂਵਾਲ ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਣ ’ਤੇ ਥਾਣਾ ਬਾਘਾਪੁਰਾਣਾ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਮੋਗਾ ਦੇ ਸਿਵਲ ਹਸਪਤਾਲ ਪਹੁੰਚਾਈਆਂ ਅਤੇ ਟਰੱਕ ਆਪਣੇ ਕਬਜ਼ੇ ਵਿੱਚ ਲੈ ਲਿਆ। ਪੁਲੀਸ ਦੇ ਪਹੁੰਚਣ ਤੱਕ ਟਰੱਕ ਚਾਲਕ ਫਰਾਰ ਹੋ ਚੁੱਕਾ ਸੀ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਦਰਸ਼ਨ ਸਿੰਘ ਅਤੇ ਬਲਜੀਤ ਕੌਰ ਅੱਜ ਸਵੇਰੇ ਮੋਟਰਸਾਈਕਲ ’ਤੇ ਬਾਘਾਪੁਰਾਣਾ ਨੇੜਲੇ ਪਿੰਡ ਸਮਾਲਸਰ ਵਿੱਚ ਇਕ ਭੋਗ ਸਮਾਗਮ ’ਤੇ ਜਾ ਰਹੇ ਸਨ। ਜਦੋਂ ਉਹ ਬਾਘਾਪੁਰਾਣਾ ਪੁੱਜੇ ਤਾਂ ਪਿੱਛੋਂ ਆ ਰਹੇ ਇਕ ਰੇਤਾ ਨਾਲ ਭਰੇ ਟਰੱਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।