ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 28 ਮਈ
ਦੇਸ਼ ਦੇ ਕਿਸਾਨ ਤਿੰਨ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਲਗਾਤਾਰ ਸੰਘਰਸ਼ ਦੇ ਰਾਹ ਹਨ। ਇਸ ਸੰਘਰਸ਼ ਵਿਚ ਪੰਜਾਬ ਦਾ ਮਹੱਤਵਪੂਰਨ ਯੋਗਦਾਨ ਹੈ। ਪਿਛਲੇ ਸਾਲ ਸਤੰਬਰ ਤੋਂ ਪੰਜਾਬ ਵਿੱਚ ਪੱਕੇ ਮੋਰਚੇ ਜਾਰੀ ਹਨ। ਅੱਜ ਪੰਜਾਬ ਵਿੱਚ ਅੰਦੋਲਨ ਸ਼ੁਰੂ ਹੋਇਆਂ 8 ਮਹੀਨੇ ਹੋ ਗਏ ਹਨ। ਡਾ. ਦਰਸ਼ਨ ਪਾਲ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਨਾ ਸਿਰਫ ਸਰਕਾਰਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ, ਬਲਕਿ ਦੇਸ਼ ਦੇ ਵੱਡੇ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਵੀ ਲੜ ਰਹੇ ਹਨ। ਕਿਸਾਨਾਂ ਨੇ ਹਰ ਮੌਸਮ ਵਿਚ ਆਪਣੇ ਆਪ ਨੂੰ ਮਜ਼ਬੂਤ ਰੱਖਦੇ ਹੋਏ ਸਰਕਾਰ ਤੇ ਕਾਰਪੋਰੇਟਾਂ ਵਿਰੁੱਧ ਜ਼ੋਰਦਾਰ ਸੰਘਰਸ਼ ਕੀਤਾ ਹੈ।
ਇਹ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਦਿੱਲੀ ਦੀਆਂ ਹੱਦਾਂ ’ਤੇ ਜਾਰੀ ਕਿਸਾਨ ਅੰਦੋਲਨ ਨੂੰ ਵੀ ਤੇਜ਼ ਕਰਨ ਦੀਆਂ ਤਿਆਰੀਆਂ ਕਿਸਾਨਾਂ ਵੱਲੋਂ ਵਿੱਢ ਦਿੱਤੀਆਂ ਗਈਆਂ ਹਨ। ਕਿਸਾਨਾਂ ਵੱਲੋਂ ਮੌਸਮ ਨੂੰ ਧਿਆਨ ’ਚ ਰੱਖਦਿਆਂ ਜ਼ਰੂਰੀ ਸਾਮਾਨ ਪੂਰਾ ਕਰਨਾ ਸ਼ੁਰੂ ਕਰ ਲਿਆ ਹੈ। ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਿੰਘੂ ਬਾਰਡਰ ‘ਤੇ ਗੋਲਡਨ ਹੱਟ ’ਤੇ ਸੇਵਾਦਾਰ ਰਾਮ ਸਿੰਘ ਰਾਣਾ ਪਹਿਲਾਂ ਹੀ ਪਾਣੀ, ਲੰਗਰ ਅਤੇ ਰਹਿਣ ਦੀ ਸੇਵਾ ਕਰ ਰਹੇ ਸਨ, ਹੁਣ ਇਥੇ ਹਰ ਰੋਜ਼ ਸੈਂਕੜੇ ਕਿੱਲੋ ਦੁੱਧ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਦੇ ਨਾਲ ਹੀ ਹੋਰ ਸਮਾਜ ਭਲਾਈ ਸੰਸਥਾਵਾਂ ਨੇ ਵੀ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਲਈ ਲੰਗਰ, ਡਾਕਟਰੀ ਅਤੇ ਹੋਰ ਜ਼ਰੂਰੀ ਸੇਵਾਵਾਂ ਦੇ ਪ੍ਰਬੰਧ ਕੀਤੇ ਹਨ। ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਅੱਜ ਕਿਸਾਨ-ਆਗੂ ਵਿਜੇ ਸਿੰਘ ਪਥਿਕ ਦੀ ਬਰਸੀ ਮੌਕੇ ਉਨ੍ਹਾਂ ਦੀ ਕਿਸਾਨੀ-ਸੰਘਰਸ਼ਾਂ ਨੂੰ ਦੇਣ ਲਈ ਯਾਦ ਕੀਤਾ ਗਿਆ। ਰਾਜਸਥਾਨ ਦੇ ਬਿਜੋਲੀਆ ਕਿਸਾਨ ਅੰਦੋਲਨ ਦੇ ਮੁੱਖ ਆਗੂ ਵਿਜੇ ਸਿੰਘ ਪਥਿਕ ਅਗਾਂਹਵਧੂ ਕਿਸਾਨ ਆਗੂ ਅਤੇ ਸਮਾਜ ਸੁਧਾਰਕ ਸਨ। ਉਨ੍ਹਾਂ ਨੇ ਸਮਾਜ ਦੇ ਹਰ ਵਰਗ ਨੂੰ ਜਾਗਰੂਕ ਕੀਤਾ। ਵਿਜੇ ਸਿੰਘ ਪਥਿਕ ਨੇ ਬੌਧਿਕ ਵਿਕਾਸ ਲਈ ਕਈ ਮੈਗਜ਼ੀਨ ਅਤੇ ਅਖਬਾਰਾਂ ਦਾ ਸੰਪਾਦਨ ਵੀ ਕੀਤਾ। ਉਹ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਕਿਸਾਨਾਂ ਲਈ ਆਦਰਸ਼ ਕਿਸਾਨ ਆਗੂ ਹਨ।
ਗੁਰਨਾਮ ਚੜੂਨੀ ਦੀ ਜਥੇਬੰਦੀ ਨੇ ਪੰਜਾਬ ਵਿੱਚ ਵੀ ਪੈਰ ਧਰਿਆ
ਪਟਿਆਲਾ (ਸਰਬਜੀਤ ਸਿੰਘ ਭੰਗੂ): ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ’ਤੇ ਜਾਰੀ ਕਿਸਾਨ ਮੋਰਚੇ ਦੇ ਮੋਹਰੀ ਆਗੂਆਂ ’ਚ ਸਰਗਰਮ ਹਰਿਆਣਾ ਦੇ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਹੇਠਲੀ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਹੁਣ ਗੁਆਂਢੀ ਰਾਜਾਂ ’ਚ ਵੀ ਪੈਰ ਧਰਨ ਲੱਗੀ ਹੈ। ਹਾਲ ਹੀ ’ਚ ਪੰਜਾਬ ਇਕਾਈ ਦਾ ਗਠਨ ਕਰਦਿਆਂ ਸ੍ਰੀ ਚੜੂਨੀ ਨੇ ਸਰਪੰਚ ਗੁਰਮੀਤ ਸਿੰਘ ਫਤਿਹਗੜ੍ਹ ਸਾਹਿਬ ਨੂੰ ਪੰਜਾਬ ਇਕਾਈ ਦਾ ਸੂਬਾਈ ਪ੍ਰਧਾਨ ਥਾਪਿਆ ਹੈ। ਜਦਕਿ ਪਟਿਆਲਾ ਦੇ ਪਿੰਡ ਗੁੜਥਲੀ ਦੇ ਸਰਪੰਚ ਚਮਕੌਰ ਸਿੰਘ ਭੰਗੂ ਨੂੰ ਸੂਬਾਈ ਮੀਤ ਪ੍ਰਧਾਨ ਚੁਣਿਆ ਹੈ। ਇਹ ਦੋਵੇਂ ਅਹੁਦੇਦਾਰ ਸਰਪੰਚ ਯੂਨੀਅਨ ਪੰਜਾਬ ਦੇ ਕ੍ਰਮਵਾਰ ਸੂਬਾਈ ਪ੍ਰਧਾਨ ਅਤੇ ਮੀਤ ਪ੍ਰਧਾਨ ਵੀ ਹਨ। ਇਹ ਜਾਣਕਾਰੀ ਚਮਕੌਰ ਸਿੰਘ ਭੰਗੂ ਨੇ ਅੱਜ ਪਟਿਆਲਾ ’ਚ ਜਾਰੀ ਕੀਤੇ ਪ੍ਰੈੱਸ ਨੋਟ ਦੌਰਾਨ ਦਿੱਤੀ ਗਈ ਹੈ। ਸੰਪਰਕ ਕਰਨ ’ਤੇ ਸ੍ਰੀ ਚੜੂਨੀ ਨੇ ਵੀ ਪੁਸ਼ਟੀ ਕੀਤੀ ਹੈ।