ਦਵਿੰਦਰ ਪਾਲ
ਚੰਡੀਗੜ੍ਹ, 12 ਅਪਰੈਲ
ਪੰਜਾਬ ਤੋਂ ਕਣਕ ਦੀ ਬਰਾਮਦ ਲਈ ਮਿਸਰ ਦੇ ਇਕ ਉੱਚ ਪੱਧਰੀ ਵਫ਼ਦ ਨੇ ਅੱਜ ਸੂਬੇ ਦੀਆਂ ਕਈ ਦਾਣਾ ਮੰਡੀਆਂ ਅਤੇ ਗੁਦਾਮਾਂ ਦਾ ਦੌਰਾ ਕੀਤਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ, ਕੇਂਦਰੀ ਏਜੰਸੀ ਅਪੀਡਾ ਅਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਮਿਸਰ ਦੇ ਮਾਹਿਰਾਂ ਦੇ ਵਫ਼ਦ ਨੇ ਖੇਤਾਂ ’ਚ ਖੜ੍ਹੀ ਕਣਕ ਦਾ ਨਿਰੀਖਣ ਕੀਤਾ। ਇਸ ਮੌਕੇ ਪੀਏਯੂ ਤੇ ਪੰਜਾਬ ਐਗਰੋ ਦੇ ਅਧਿਕਾਰੀਆਂ ਨੇ ਮਿਸਰ ਦੇ ਪੌਦ ਸੁਰੱਖਿਆ ਵਿਭਾਗ ਦੇ ਵਫ਼ਦ ਨਾਲ ਮੀਟਿੰਗ ਵੀ ਕੀਤੀ।
ਮਿਸਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਿਸਰ ਵੱਲੋਂ ਆਮ ਤੌਰ ’ਤੇ ਰੂਸ ਅਤੇ ਯੂਕਰੇਨ ਤੋਂ ਕਣਕ ਬਰਾਮਦ ਕੀਤੀ ਜਾਂਦੀ ਹੈ ਪਰ ਤਾਜ਼ਾ ਹਾਲਾਤ ਦੇ ਮੱਦੇਨਜ਼ਰ ਉਹ ਭਾਰਤ ਸਮੇਤ ਹੋਰਨਾਂ ਮੁਲਕਾਂ ਵਿੱਚ ਸੰਭਾਵਨਾਵਾਂ ਤਲਾਸ਼ ਰਹੇ ਹਨ। ਕੌਮੀ ਪੱਧਰ ’ਤੇ ਇਨ੍ਹਾਂ ਦਿਨਾਂ ਦੌਰਾਨ ਕਾਰਬੋਹਾਈਡਰੇਟਸ ਦੇ ਨਾਲ ਪ੍ਰੋਟੀਨਯੁਕਤ ਕਣਕ ਦੀ ਮੰਗ ਵਧ ਰਹੀ ਹੈ। ਇਨ੍ਹਾਂ ਅਧਿਕਾਰੀਆਂ ਨੇ ਪੰਜਾਬ ’ਚ ਕਣਕ ਦੀ ਪੈਦਾਵਾਰ ਤੇ ਗੁਣਵੱਤਾ ’ਤੇ ਤਸੱਲੀ ਪ੍ਰਗਟ ਕੀਤੀ। ਮਿਸਰ ਦੇ ਮਾਹਿਰਾਂ ਨੇ ਸਿੱਧੇ ਤੌਰ ’ਤੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕੋਲੋਂ ਫ਼ਸਲ ਵਿੱਚ ਪਾਏ ਜਾਣ ਵਾਲੇ ਰਸਾਇਣਾਂ ਬਾਰੇ ਵੀ ਜਾਣਕਾਰੀ ਇਕੱਤਰ ਕੀਤੀ। ਇਸ ਉੱਚ ਪੱਧਰੀ ਵਫ਼ਦ ਨੇ ਸੰਗਰੂਰ ਜ਼ਿਲ੍ਹੇ ਦੇ ਕਸਬਾ ਭਵਾਨੀਗੜ੍ਹ ਦੀ ਆਨਾਜ ਮੰਡੀ ਸਮੇਤ ਫ਼ਤਹਿਗੜ੍ਹ ਛੰਨਾ ਅਤੇ ਬਲਵਾੜ ਖੁਰਦ ਦੇ ਖੇਤਾਂ ਵਿੱਚ ਕਣਕ ਦਾ ਨਿਰੀਖਣ ਕੀਤਾ। ਪੰਜਾਬ ਸਰਕਾਰ ਦੇ ਬਰਾਮਦਕਾਰੀ ਨਾਲ ਜੁੜੇ ਵਿਭਾਗਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਯੂਕਰੇਨ ਅਤੇ ਰੂਸ ਪੂਰੀ ਦੁਨੀਆ ਨੂੰ 14 ਫੀਸਦੀ ਕਣਕ ਤੇ 29 ਫੀਸਦੀ ਸਾਰੇ ਕਿਸਮ ਦੇ ਅਨਾਜ ਬਰਾਮਦ ਕਰਦੇ ਹਨ। ਦੁਨੀਆ ’ਚ ਜ਼ਿਆਦਾਤਰ ਬੀਅਰ ਜੌਆਂ ਤੋਂ ਬਣਦੀ ਹੈ ਅਤੇ 14 ਫੀਸਦੀ ਜੌਂ ਇਹ ਦੋਵੇਂ ਮੁਲਕ ਸਪਲਾਈ ਕਰਦੇ ਹਨ, ਜੋ ਦੁਨੀਆ ’ਚ ਜੌਂਆਂ ਦੀ ਬਰਾਮਦਗੀ ਦਾ ਇੱਕ ਤਿਹਾਈ ਹਿੱਸਾ ਬਣਦਾ ਹੈ। ਇਸੇ ਤਰ੍ਹਾਂ ਰੂਸ ਖਾਦਾਂ ਦਾ ਸਭ ਤੋਂ ਵੱਡਾ ਬਰਾਮਦਕਾਰ ਹੈ। ਰੂਸ ਤੇ ਯੂਕਰੇਨ ਦੀ ਜੰਗ ਨਾਲ ਯੂਰਪੀ ਮੁਲਕਾਂ ਤੋਂ ਇਲਾਵਾ ਅਫਰੀਕੀ ਤੇ ਏਸ਼ਿਆਈ ਮੁਲਕਾਂ ਅੱਗੇ ਅਨਾਜ, ਖਾਣ ਵਾਲੇ ਤੇਲ ਦਾ ਸੰਕਟ ਖੜ੍ਹਾ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਪੰਜਾਬ ਤੋਂ ਹੁਣ ਤੱਕ ਸਿਰਫ ਬਾਸਮਤੀ ਹੀ ਬਰਾਮਦ ਕੀਤੀ ਜਾਂਦੀ ਹੈ, ਉਹ ਵੀ ਮੱਧ ਪੂਰਬ ਦੇ ਮੁਲਕਾਂ ਨੂੰ ਪਰ ਰੂਸ-ਯੂਕਰੇਨ ਜੰਗ ਨਾਲ ਪੈਣ ਵਾਲੇ ਪ੍ਰਭਾਵਾਂ ਤੋਂ ਸੁਚੇਤ ਹੋ ਕੇ ਪੰਜਾਬ ਤੋਂ ਭਵਿੱਖ ਵਿੱਚ ਕਣਕ, ਜੌਂਅ ਅਤੇ ਸੂਰਜਮੁਖੀ ਦੀ ਬਰਾਮਦ ਵਧਾਈ ਜਾ ਸਕਦੀ ਹੈ।
‘ਵਿਦੇਸ਼ਾਂ ਨੂੰ ਕਣਕ ਦੀ ਬਰਾਮਦ ਪੰਜਾਬ ਦੇ ਕਿਸਾਨਾਂ ਲਈ ਸ਼ੁਭ ਸੰਕੇਤ’
ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੀਫ ਜਨਰਲ ਮੈਨੇਜਰ ਰਣਬੀਰ ਸਿੰਘ ਨੇ ਦੱਸਿਆ ਕਿ ਮਿਸਰ ਦੇ ਪੌਦ ਸੁਰੱਖਿਆ ਵਿਭਾਗ ਨਾਲ ਸਬੰਧਤ ਇਸਲਾਮ ਫਰਹਤ ਅਬਦਲ ਅਜ਼ੀਲ ਅਬੂ, ਡਾ. ਸਾਹੇਲ ਅਬਦਲ ਸੱਤਾਰ, ਬਹੀਂਗ ਅਹਿਮਦ, ਅਹਿਮਤ ਰਾਬੀਆ ਅਬਦਲਾ ਅਬਦਲ ਕਾਰਿਤ ਆਦਿ ਮਾਹਿਰਾਂ ਨੇ ਪੰਜਾਬ ਤੋਂ ਕਣਕ ਬਰਾਮਦ ਕਰਨ ਸਬੰਧੀ ਰੁਚੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਨੂੰ ਕਣਕ ਦੀ ਬਰਾਮਦ ਪੰਜਾਬ ਦੇ ਕਿਸਾਨਾਂ ਲਈ ਸ਼ੁਭ ਸੰਕੇਤ ਮੰਨਿਆ ਜਾ ਸਕਦਾ ਹੈ।