ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 16 ਅਪਰੈਲ
ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਇੱਥੇ ਕਿਹਾ ਕਿ ਉਨ੍ਹਾਂ ਵੱਲੋਂ ਸਮੁੱਚੀ ਦੁਨੀਆਂ ਦੀਆਂ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਨੂੰ ਅਕਾਲ ਤਖ਼ਤ ਦੇ ਘੇਰੇ ਹੇਠ ਲਿਆਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕੋਸ਼ਿਸ਼ਾਂ ਤਹਿਤ ਹੀ ਅਕਾਲ ਤਖਤ ਦੇ ਸਕੱਤਰੇਤ ਲਈ ਆਨਰੇਰੀ ਸਕੱਤਰ ਵਜੋਂ ਸਿੱਖ ਵਿਦਵਾਨ ਗੁਰਮੀਤ ਸਿੰਘ ਦੀ ਨਿਯੁਕਤੀ ਕੀਤੀ ਗਈ ਹੈ, ਜਿਨ੍ਹਾਂ ਨੂੰ ਅੱਜ ਅਹੁਦੇ ਦਾ ਕਾਰਜਭਾਰ ਸੌਂਪ ਦਿੱਤਾ ਗਿਆ ਹੈ।
ਬੇਅਦਬੀ ਮਾਮਲੇ ਸਬੰਧੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਦਾ ਸਿਆਸੀਕਰਨ ਕਰ ਦਿੱਤਾ ਗਿਆ ਹੈ। ਕਰੋਨਾ ਦੇ ਵੱਧ ਰਹੇ ਮਾਮਲਿਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਸਰਕਾਰ ’ਤੇ ਇਸ ਮਾਮਲੇ ਵਿਚ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਇਆ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਕਰੋਨਾ ਦੀ ਆੜ ਹੇਠ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕਰਨਾ ਚਾਹੁੰਦੀ ਹੈ। ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਖ਼ਿਲਾਫ਼ ਇਕ ਔਰਤ ਵੱਲੋਂ ਆਈ ਸ਼ਿਕਾਇਤ ਬਾਰੇ ਉਨ੍ਹਾਂ ਅਗਿਆਨਤਾ ਪ੍ਰਗਟਾਈ। ਜ਼ਿਕਰਯੋਗ ਹੈ ਕਿ ਅਕਾਲ ਤਖਤ ਨੇ ਸਿੱਖ ਆਗੂ ਸ੍ਰੀ ਚੱਢਾ ’ਤੇ ਲਾਈ ਰੋਕ ਖਤਮ ਕਰ ਦਿੱਤੀ ਹੈ, ਜਿਸ ਖ਼ਿਲਾਫ਼ ਇੱਕ ਔਰਤ ਨੇ ਅਕਾਲ ਤਖਤ ਨੂੰ ਸ਼ਿਕਾਇਤ ਭੇਜੀ ਸੀ।
ਇਸ ਦੌਰਾਨ ਅੱਜ ਨਵੇਂ ਆਨਰੇਰੀ ਸਕੱਤਰ ਗੁਰਮੀਤ ਸਿੰਘ ਨੂੰ ਅਹੁਦੇ ਦਾ ਕਾਰਜਭਾਰ ਸੌਂਪ ਦਿੱਤਾ ਗਿਆ। ਇਸ ਵੇਲੇ ਉਹ ਸਿੱਖ ਜਥੇਬੰਦੀਆਂ ਦੀ ਵਿਸ਼ਵ ਪੱਧਰੀ ਤਾਲਮੇਲ ਕਮੇਟੀ ਦੇ ਕੋਆਰਡੀਨੇਟਰ ਹਨ।