ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 2 ਦਸੰਬਰ
ਸ੍ਰੀ ਹਰਿਮੰਦਰ ਸਾਹਿਬ ਦੀਆਂ ਕੰਧਾਂ ਨੂੰ ਸਲ੍ਹਾਬ ਤੋਂ ਬਚਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਮਾਹਿਰਾਂ ਦੀ ਰਾਇ ਨਾਲ ਰੱਖ-ਰਖਾਅ ਅਤੇ ਸਾਂਭ-ਸੰਭਾਲ ਦਾ ਕੰਮ ਅੱਜ ਸ਼ੁਰੂ ਕੀਤਾ ਗਿਆ। ਇਸ ਤਹਿਤ ਕੰਧਾਂ ਦੀ 3-ਡੀ ਸਕੈਨਿੰਗ ਆਦਿ ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਨੇ ਇਸ ਸਬੰਧ ’ਚ ਬਰਮਿੰਘਮ ਦੇ ਨਿਸ਼ਕਾਮ ਸੇਵਕ ਜਥੇ ਨੂੰ ਸੇਵਾ ਸੌਂਪੀ ਹੈ। ਅੱਜ ਸਿੱਖ ਜਥੇਬੰਦੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਮੌਜੂਦਗੀ ’ਚ ਅਰਦਾਸ ਕਰਕੇ ਇਸ ਸੇਵਾ ਦੀ ਸ਼ੁਰੂਆਤ ਕੀਤੀ ਗਈ। ਮੁੱਢਲੇ ਤੌਰ ’ਤੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਕੰਧਾਂ ਦੀ 3-ਡੀ ਸਕੈਨਿੰਗ ਦੇ ਨਾਲ-ਨਾਲ ਆਈ.ਆਰ.ਐੱਸ. ਸਕੈਨਿੰਗ, ਜੀ.ਪੀ.ਆਰ. ਸਕੈਨਿੰਗ ਅਤੇ ਟੋਮੋਗ੍ਰਾਫ਼ੀ ਆਦਿ ਕੀਤੀ ਜਾਵੇਗੀ। ਇਸ ਰਾਹੀਂ ਸਲ੍ਹਾਬ ਦੇ ਕਾਰਨਾਂ ਦਾ ਪਤਾ ਲਾਇਆ ਜਾਵੇਗਾ।
ਨਿਸ਼ਕਾਮ ਸੇਵਕ ਜਥੇ ਦੇ ਪ੍ਰਤੀਨਿਧ ਭਾਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਸੇਵਾ ਲਈ ਆਈ.ਆਈ.ਟੀ. ਰੁੜਕੀ ਦੇ ਪ੍ਰੋਫੈਸਰ ਡਾ. ਭੁਪਿੰਦਰ ਸਿੰਘ, ਆਈ.ਆਈ.ਟੀ. ਮਦਰਾਸ ਦੇ ਪ੍ਰੋ: ਡਾ. ਸਵਾਤੀ ਅਤੇ ਬੜੌਦਾ ਤੋਂ ਮਾਹਿਰ ਇੰਜਨੀਅਰ ਕਜਾਦ ਦੀਆਂ ਤਕਨੀਕੀ ਸੇਵਾਵਾਂ ਲਈਆਂ ਗਈਆਂ ਹਨ। ਸਕੈਨਿੰਗ ਮਗਰੋਂ ਸਲ੍ਹਾਬ ਦੇ ਕਾਰਨਾਂ ਦਾ ਪਤਾ ਲਾ ਕੇ ਇਸ ਨੂੰ ਖ਼ਤਮ ਕਰਨ ਲਈ ਢੁੱਕਵਾਂ ਹੱਲ ਕੀਤਾ ਜਾਵੇਗਾ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵਡ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਗੁਰਬਖਸ਼ ਸਿੰਘ ਖ਼ਾਲਸਾ, ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ, ਯੁਵਰਾਜ ਭੁਪਿੰਦਰ ਸਿੰਘ, ਬੀਬੀ ਰਜਨੀਤ ਕੌਰ, ਸਕੱਤਰ ਮਹਿੰਦਰ ਸਿੰਘ ਆਹਲੀ ਹਾਜ਼ਰ ਸਨ।