ਦਵਿੰਦਰ ਪਾਲ
ਮੁੱਖ ਅੰਸ਼
- ਡਾ. ਰਾਜ ਬਹਾਦਰ ਆਪਣੇ ਅਸਤੀਫ਼ੇ ਦੇ ਫ਼ੈਸਲੇ ’ਤੇ ਬਰਕਰਾਰ
- ਅੰਿਮ੍ਰਤਸਰ ਦੇ ਮੈਡੀਕਲ ਅਫਸਰਾਂ ਵੱਲੋਂ ਅਹੁਦੇ ਛੱਡਣ ਦੀ ਪੇਸ਼ਕਸ਼
ਚੰਡੀਗੜ੍ਹ, 30 ਜੁਲਾਈ
ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵੱਲੋਂ ਬੀਤੇ ਦਿਨ ਬਾਬਾ ਫ਼ਰੀਦ ਮੈਡੀਕਲ ਸਾਇੰਸ ਯੂਨੀਵਰਸਿਟੀ ਫਰੀਦਕੋਟ ਦੇ ਉਪ ਕੁਲਪਤੀ ਡਾ. ਰਾਜ ਬਹਾਦਰ ਨਾਲ ਕੀਤੇ ਮਾੜੇ ਵਿਹਾਰ ਮਗਰੋਂ ਉਪ ਕੁਲਪਤੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਘਟਨਾ ’ਤੇ ਅਫਸੋਸ ਜ਼ਾਹਿਰ ਕਰਦਿਆਂ ਸਿਹਤ ਮੰਤਰੀ ਦੇ ਵਤੀਰੇ ਲਈ ਡਾ. ਰਾਜ ਬਹਾਦਰ ਤੋਂ ਮੁਆਫ਼ੀ ਮੰਗੀ ਤੇ ਉਨ੍ਹਾਂ ਨੂੰ ਆਪਣਾ ਅਸਤੀਫਾ ਵਾਪਸ ਲੈਣ ਦੀ ਬੇਨਤੀ ਕੀਤੀ ਹੈ। ਮੁੱਖ ਮੰਤਰੀ ਦਫ਼ਤਰ ਦੇ ਇੱਕ ਸੀਨੀਅਰ ਅਧਿਕਾਰੀ ਦਾ ਦੱਸਣਾ ਹੈ ਕਿ ਸ੍ਰੀ ਮਾਨ ਨੇ ਉਪ ਕੁਲਪਤੀ ਦਾ ਅਸਤੀਫਾ ਪ੍ਰਵਾਨ ਨਾ ਕਰਨ ਸਬੰਧੀ ਨਿਰਦੇਸ਼ ਦੇ ਦਿੱਤੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਡਾ. ਰਾਜ ਬਹਾਦਰ ਨੇ ਲੰਘੀ ਰਾਤ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਵੱਲੋਂ ਦਿੱਤੇ ਅਸਤੀਫ਼ੇ ਦਾ ਖੁਲਾਸਾ ਅੱਜ ਸਵੇਰੇ ਹੋਇਆ ਤੇ ਸਰਕਾਰ ਵੱਲੋਂ ਸਥਿਤੀ ਨੂੰ ਸੰਭਾਲਣ ਦੇ ਯਤਨ ਕੀਤੇ ਜਾ ਰਹੇ ਹਨ। ਇਸੇ ਦੌਰਾਨ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਡਾਇਰੈਕਟਰ ਡਾ. ਰਾਜੀਵ ਦੇਵਗਨ ਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਕੇਡੀ ਸਿੰਘ ਨੇ ਡਾ.ਰਾਜ ਬਹਾਦਰ ਦੀ ਹਮਾਇਤ ਵਿੱਚ ਅਹੁਦੇ ਛੱਡਣ ਦੀ ਪੇਸ਼ਕਸ਼ ਕੀਤੀ ਹੈ।
ਡਾ. ਰਾਜ ਬਹਾਦਰ ਨੇ ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨਾਲ ਹੋਈ ਗੱਲਬਾਤ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਸ੍ਰੀ ਮਾਨ ਨੇ ਸਿਹਤ ਮੰਤਰੀ ਦੇ ਵਿਹਾਰ ਲਈ ਮੁਆਫ਼ੀ ਮੰਗੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਸਿਹਤ ਮੰਤਰੀ ਵੱਲੋਂ ਕੀਤੇ ਮਾੜੇ ਵਿਹਾਰ ਲਈ ਮੁਆਫ਼ੀ ਮੰਗਣ ਤੋਂ ਬਾਅਦ ਅਸਤੀਫਾ ਵਾਪਸ ਲੈਣ ’ਤੇ ਵਿਚਾਰ ਕਰਨ ਲਈ ਕਿਹਾ ਹੈ ਪਰ ਹਾਲ ਦੀ ਘੜੀ ਉਹ (ਡਾ. ਰਾਜ ਬਹਾਦਰ) ਅਸਤੀਫਾ ਦੇਣ ਦੇ ਫ਼ੈਸਲੇ ’ਤੇ ਕਾਇਮ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਮਾੜਾ ਵਿਹਾਰ ਕਰਨ ਵਾਲੇ ਮੰਤਰੀ ਨੂੰ ਚਿਤਾਵਨੀ ਦੇ ਦਿੱਤੀ ਗਈ ਹੈ ਤੇ ਭਵਿੱਖ ’ਚ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰੇਗੀ। ਉਪ ਕੁਲਪਤੀ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਮੀਟਿੰਗ ਹੋਣ ਦੇ ਆਸਾਰ ਹਨ ਤੇ ਮੀਟਿੰਗ ਤੋਂ ਬਾਅਦ ਹੀ ਕੋਈ ਫ਼ੈਸਲਾ ਲਿਆ ਜਾਵੇਗਾ। ਸੀਨੀਅਰ ਅਧਿਕਾਰੀਆਂ ਵੱਲੋਂ ਵੀ ਉਪ ਕੁਲਪਤੀ ਨੂੰ ਮਨਾਉਣ ਦੇ ਯਤਨ ਕੀਤੇ ਜਾ ਰਹੇ ਹਨ। ਸੋਸ਼ਲ ਮੀਡੀਆ ’ਤੇ ਉਪ ਕੁਲਪਤੀ ਨਾਲ ਮੰਤਰੀ ਵੱਲੋਂ ਕੀਤੇ ਮਾੜੇ ਵਿਹਾਰ ਦਾ ਮਾਮਲਾ ਅੱਜ ਦਿਨ ਭਰ ਭਖਿਆ ਰਿਹਾ। ਮੈਡੀਕਲ ਖੇਤਰ ’ਚ ਕੰਮ ਕਰ ਰਹੀਆਂ ਕੌਮੀ ਪੱਧਰ ਦੀਆਂ ਸੰਸਥਾਵਾਂ ਨੇ ਵੀ ਡਾ. ਰਾਜ ਬਹਾਦਰ ਦੀ ਹਮਾਇਤ ਕਰਦਿਆਂ ਮੰਤਰੀ ਦੇ ਵਿਹਾਰ ਦੀ ਤਿੱਖੀ ਆਲੋਚਨਾ ਕੀਤੀ। ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਵੱਲੋਂ ਫਰੀਦਕੋਟ ਮੈਡੀਕਲ ਕਾਲਜ ਦੇ ਦੌਰੇ ਦੌਰਾਨ ਡਾ. ਰਾਜ ਬਹਾਦਰ ਨੂੰ ਇੱਕ ਬੈੱਡ ’ਤੇ ਲਿਟਾਇਆ ਹੀ ਨਹੀਂ ਸੀ ਗਿਆ ਸਗੋਂ ਵੀਡੀਓ ਵੀ ਵਾਇਰਲ ਕੀਤੀ ਗਈ ਸੀ। ਇਸ ਘਟਨਾ ’ਤੇ ਵਿਵਾਦ ਵਧਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਵੀ ਸਰਕਾਰ ਦਾ ਅਕਸ ਬਚਾਉਣ ਲਈ ਮੈਦਾਨ ’ਚ ਆ ਗਏ। ਦੂਜੇ ਪਾਸੇ ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਚੇਤਨ ਸਿੰਘ ਜੌੜੇਮਾਜਰਾ ਦੇ ਸਿਹਤ ਵਿਭਾਗ ਦਾ ਕੰਮ ਸੰਭਾਲਣ ਤੋਂ ਬਾਅਦ ਪੈਦਾ ਹੋਏ ਵਿਵਾਦਾਂ ਕਾਰਨ ਸਰਕਾਰ ਪ੍ਰੇਸ਼ਾਨੀ ਵਿੱਚ ਹੈ। ਇਸ ਲਈ ਮੰਤਰੀਆਂ ਨੂੰ ਸਰਕਾਰੀ ਦਫ਼ਤਰਾਂ ਤੇ ਅਦਾਰਿਆਂ ਦੇ ਕੰਮਾਂ ਦੀ ਸਮੀਖਿਆ ਕਰਨ ਸਮੇਂ ਜ਼ਾਬਤੇ ’ਚ ਰਹਿਣ ਤੇ ਬੇਲੋੜੇ ਵਿਵਾਦਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।