ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 16 ਨਵੰਬਰ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਇੱਥੇ ਕਿਹਾ ਕਿ ਸਿੱਖਿਆ ਸੰਸਥਾਨ ਨਵੀਆਂ ਖੋਜਾਂ ਨੂੰ ਉਤਸ਼ਾਹਿਤ ਕਰਨ ਤੇ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਉਣ। ਇਸ ਸਬੰਧੀ ਉਨ੍ਹਾਂ ਸੰਸਥਾਵਾਂ ਨੂੰ ਵੱਖਰਾ ਢਾਂਚਾ ਸਥਾਪਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਨਵੀਂ ਸਿੱਖਿਆ ਨੀਤੀ ਵਿੱਚ ਰੱਟੇ ਮਾਰਨ ਦੀ ਥਾਂ ਹੁਨਰੀ ਸਿੱਖਿਆ ਨੂੰ ਅੱਗੇ ਰੱਖਿਆ ਹੈ, ਜੋ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਇਨ੍ਹਾਂ ਸੰਸਥਾਵਾਂ ਨੂੰ ਭਾਰਤ ਨੂੰ ਆਤਮ ਨਿਰਭਰ ਬਣਾਉਣ ਲਈ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਵੇਲੇ ਲੋੜ ਹੈ ਕਿ ਹੁਨਰਮੰਦ ਸਿੱਖਿਆ ਅਨੁਸਾਰ ਹੀ ਪਾਠਕ੍ਰਮ ਤਿਆਰ ਕੀਤੇ ਜਾਣ ਤਾਂ ਕਿ ਵਿਦਿਆਰਥੀ ਆਉਣ ਵਾਲੀਆਂ ਸਮੱਸਿਆਵਾਂ ਨੂੰ ਆਪ ਹੀ ਹੱਲ ਕਰਨ। ਉਹ ਪੰਜਾਬ ਇੰਜਨੀਅਰਿੰਗ ਕਾਲਜ (ਪੈਕ) ਦੇ 100ਵੇਂ ਸਥਾਪਨਾ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਇਸ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਹਰਿਆਣਾ ਦੇ ਰਾਜਪਾਲ ਬੰਦਾਰੂ ਦੱਤਾਤ੍ਰੇਆ ਵੀ ਮੌਜੂਦ ਸਨ।
ਰਾਸ਼ਟਰਪਤੀ ਨੇ ਅੱਜ ਇੱਥੇ ਸ਼ਤਾਬਦੀ ਗੇਟ ਤੇ ਸੈਮੀ ਕੰਡਕਟਰ ਰਿਸਰਚ ਸੈਂਟਰ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਇੰਜਨੀਅਰਿੰਗ ਕਾਲਜ 1921 ਵਿੱਚ ਲਾਹੌਰ ਵਿਚ ਸਥਾਪਤ ਹੋਇਆ ਸੀ। 1960 ਤੋਂ ਮਗਰਲੇ ਦਹਾਕਿਆਂ ਵਿਚ ਹਾਲਾਤ ਸਾਜ਼ਗਾਰ ਨਹੀਂ ਸਨ ਤੇ ਇਸ ਕਾਲਜ ਨੇ ਦੇਸ਼ ਨੂੰ ਔਖੇ ਵੇਲੇ 17 ਮਿਜ਼ਾਇਲ ਇੰਜਨੀਅਰ ਦਿੱਤੇ। ਉਨ੍ਹਾਂ ਕਿਹਾ ਕਿ ਹੁਣ ਤਕ ਇਸ ਕਾਲਜ ਨੇ ਮਹਾਨ ਵਿਗਿਆਨੀ ਪੈਦਾ ਕੀਤੇ ਹਨ। ਉਨ੍ਹਾਂ ਭਾਰਤੀ ਪੁਲਾੜ ਖੇਤਰ ਵਿਚ ਸਤੀਸ਼ ਧਵਨ ਦੇ ਯੋਗਦਾਨ ਨੂੰ ਵੀ ਯਾਦ ਕੀਤਾ, ਜੋ ਇਸੇ ਕਾਲਜ ਦੇ ਵਿਦਿਆਰਥੀ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਾਲਜ ਦੀ 1982 ਵਿਚ ਡਿਗਰੀ ਕਰਨ ਵਾਲੀ ਪੁਲਾੜ ਯਾਤਰੀ ਕਲਪਨਾ ਚਾਵਲਾ ਦਾ ਵੀ ਉਚੇਚਾ ਜ਼ਿਕਰ ਕੀਤਾ, ਜਿਸ ਨੇ ਭਾਰਤ ਦਾ ਵਿਸ਼ਵ ਵਿਚ ਨਾਂ ਰੌਸ਼ਨ ਕੀਤਾ। ਉਨ੍ਹਾਂ ਆਧੁਨਿਕ ਖੋਜ ਕੇਂਦਰ ਦਾ ਉਦਘਾਟਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹ ਖੋਜ ਕੇਂਦਰ ਦੇਸ਼ ਦੇ ਚੋਣਵੇਂ ਕੇਂਦਰਾਂ ਵਿਚੋਂ ਇਕ ਹੈ।
ਕਰੋਨਾਕਾਲ ਵਿੱਚ ਸਾਬਕਾ ਵਿਦਿਆਰਥੀਆਂ ਦੇ ਯੋਗਦਾਨ ਦੀ ਸ਼ਲਾਘਾ
ਰਾਸ਼ਟਪਤੀ ਨੇ ਕਿਹਾ ਕਿ ਪੰਜਾਬ ਇੰਜਨੀਅਰਿੰਗ ਕਾਲਜ ਨੇ ਕਰੋਨਾਕਾਲ ਵਿਚ ਵੱਡਾ ਯੋਗਦਾਨ ਪਾਇਆ ਹੈ। ਇਸ ਕਾਲਜ ਨੇ ਕਰੋਨਾ ਫੰਡ ਲਈ ਇਕ ਕਰੋੜ ਰੁਪਏ ਦਾਨ ਦਿੱਤੇ। ਸ੍ਰੀ ਕੋਵਿੰਦ ਨੇ ਕਿਹਾ ਕਿ ਉਨ੍ਹਾਂ ਦਿੱਲੀ ਦੇ ਇਕ ਸਮਾਗਮ ਦੌਰਾਨ ਇੰਜੀਨੀਅਰਿੰਗ ਸੰਸਥਾਵਾਂ ਦੇ ਸਾਬਕਾ ਵਿਦਿਆਰਥੀਆਂ ਨੂੰ ਕਰੋਨਾਕਾਲ ਦੌਰਾਨ ਯੋਗਦਾਨ ਪਾਉਣ ਲਈ ਕਿਹਾ ਸੀ, ਜਿਸ ਤੋਂ ਬਾਅਦ ਇਨ੍ਹਾਂ ਸੰਸਥਾਵਾਂ ਦੇ ਸਾਬਕਾ ਵਿਦਿਆਰਥੀਆਂ ਨੇ 200 ਕਰੋੜ ਰੁਪਏ ਦਾ ਯੋਗਦਾਨ ਪਾਇਆ। ਇਸ ਮੌਕੇ ਪੈੱਕ ਦੇ ਸੌ ਸਾਲਾਂ ਦੇ ਸਫਰ ਨੂੰ ਦਰਸਾਉਂਦੀ ਡਾਕ ਟਿਕਟ ਵੀ ਜਾਰੀ ਕੀਤੀ ਗਈ।