ਸਰਬਜੀਤ ਸਿੰਘ ਭੰਗੂ
ਸਨੌਰ, 13 ਜੁਲਾਈ
ਹਲਕਾ ਸਨੌਰ ਅਧੀਨ ਪੈਂਦੇ ‘ਜਸਦੇਵ ਪਬਲਿਕ ਸਕੂਲ ਕੌਲੀ’ ਦੇ ਪ੍ਰਬੰਧਕਾਂ ਨੇ ਕਰੋਨਾ ਦੌਰਾਨ ਪਹਿਲਕਦਮੀ ਕਰਦਿਆਂ ਵਿਦਿਆਰਥੀਆਂ ਦੀ ਸਾਲ ਦੇ ਅੰਤ ਤੱਕ ਪੂਰੀ ਫ਼ੀਸ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਅਨੂਪਿੰਦਰ ਕੌਰ ਸੰਧੂ ਨੇ ਕਿਹਾ ਕਿ ਕਰੋਨਾ ਕਾਰਨ ਮਾਪੇ ਬੇਹੱਦ ਆਰਥਿਕ ਤੰਗੀ ਵਿੱਚੋਂ ਲੰਘ ਰਹੇ ਹਨ। ਇਸ ਲਈ ਸਕੂਲ ਵੱਲੋਂ ਅਗਸਤ ਤੋਂ ਦਸੰਬਰ ਤੱਕ ਬੱਚਿਆਂ ਦੀਆਂ ਫੀਸਾਂ ਨਹੀਂ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕ ਸਮਝਦੇ ਹਨ ਕਿ ਪੇਂਡੂ ਖੇਤਰ ਵਿੱਚ ਰਹਿਣ ਵਾਲੇ ਬਹੁਤ ਸਾਰੇ ਲੋਕਾਂ ਦਾ ਇਨ੍ਹਾਂ ਦਿਨਾਂ ਵਿੱਚ ਰੁਜ਼ਗਾਰ ਵੀ ਖੁੱਸ ਗਿਆ ਹੈ। ਇਸ ਲਈ ਉਹ ਆਪਣੇ ਬੱਚਿਆਂ ਦੀਆਂ ਫੀਸਾਂ ਨਹੀਂ ਦੇ ਸਕਦੇ। ਇਸ ਕਾਰਨ ਸਕੂਲ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਹੋਰ ਬੱਚੇ ਸਕੂਲ ਵਿੱਚ ਦਾਖ਼ਲਾ ਲੈਣਾ ਚਾਹੁੰਦੇ ਹਨ ਤੇ ਆਰਥਿਕ ਤੰਗੀ ਕਾਰਨ ਸਕੂਲ ਫੀਸ ਦੇਣ ਤੋਂ ਅਸਮਰੱਥ ਹਨ ਤਾਂ ਉਨ੍ਹਾਂ ਤੋਂ ਵੀ ਸਾਲ ਦੇ ਅੰਤ ਤੱਕ ਫ਼ੀਸ ਨਹੀਂ ਲਈ ਜਾਵੇਗੀ। ਸਕੂਲ ਦੇ ਵਿਦਿਆਰਥੀ ਦੇ ਪਿਤਾ ਹਰਵਿੰਦਰ ਸਿੰਘ ਸਣੇ ਕਈ ਹੋਰਨਾਂ ਨੇ ਮੈਨੇਜਮੈਂਟ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ।