ਬੀਰਬਲ ਰਿਸ਼ੀ
ਸ਼ੇਰਪੁਰ, 14 ਸਤੰਬਰ
ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਪੰਜਾਬ ਦੀ ਅੱਜ ਹੋਈ ਆਨਲਾਈਨ ਮੀਟਿੰਗ ਦੌਰਾਨ ਅਜਮੇਰ ਸਿੰਘ ਔਲਖ ਨੂੰ ਸੂਬਾ ਪ੍ਰਧਾਨ ਤੇ ਜਗਸੀਰ ਸਿੰਘ ਘਾਰੂ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ। ਖੇਰੂੰ-ਖੇਰੂੰ ਹੋਈ ਜਥੇਬੰਦੀ ਨੂੰ ਇੱਕ ਮੰਚ ’ਤੇ ਇਕੱਠੇ ਕਰਨ ਲਈ ਬਟਾਲਾ ਵਿੱਚ 35 ਦਿਨ ਮਰਨ ਵਰਤ ’ਤੇ ਬੈਠਣ ਵਾਲੇ ਇੰਦਰਜੀਤ ਸਿੰਘ ਮਾਨਸਾ, ਰੁਪਿੰਦਰ ਕੌਰ ਅੰਮ੍ਰਿਤਸਰ ਤੇ ਮਿਰਜ਼ਾ ਖਾਂ ਆਦਿ ਆਗੂਆਂ ਨੇ ਖਾਸ ਭੂਮਿਕਾ ਨਿਭਾਈ।
ਸਿੱਖਿਆ ਪ੍ਰੋਵਾਈਡਰ ਯੂਨੀਅਨ ਪੰਜਾਬ ਦੇ ਪ੍ਰਧਾਨ ਅਜਮੇਰ ਸਿੰਘ ਔਲਖ ਨੇ ਦੱਸਿਆ ਕਿ ਵੱਖਰੀ ਲਾਈਨ ਖਿੱਚ ਕੇ ਚੱਲ ਰਹੇ ਜਗਸੀਰ ਘਾਰੂ, ਜੁਝਾਰ ਉੱਭਾਵਾਲ, ਗੁਰਮੀਤ ਪੱਡਾ, ਅਨੁਭਵ ਗੁਪਤਾ ਤੇ ਕੁੱਝ ਹੋਰ ਆਗੂਆਂ ਨੇ ਵੀ ਹੁਣ ਜਥੇਬੰਦੀ ’ਚ ਮੋਹਰੀ ਹੋ ਕੇ ਸਰਗਰਮ ਭੂਮਿਕਾ ਅਦਾ ਕਰਨ ਲਈ ਹਾਮੀ ਭਰ ਦਿੱਤੀ ਹੈ। ਸ੍ਰੀ ਔਲਖ ਨੇ ਦੱਸਿਆ ਕਿ 21 ਸਤੰਬਰ ਨੂੰ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿੱਚ ਜਥੇਬੰਦੀ ਦੀ ਵਿਸਥਾਰੀ ਮੀਟਿੰਗ ਸੱਦੀ ਗਈ ਹੈ, ਜਿਸ ਵਿੱਚ ਸੂਬਾ ਕਮੇਟੀ ਦੇ ਬਾਕੀ ਅਹੁਦੇਦਾਰਾਂ ਤੇ ਮੈਂਬਰਾਂ ਦੀ ਚੋਣ ਕੀਤੀ ਜਾਵੇਗੀ। ਉਸੇ ਦਿਨ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਏ ਜਾਣ ਲਈ ਤਿੱਖੇ ਸੰਘਰਸ਼ ਦੀ ਉਲੀਕੀ ਰੂਪ ਰੇਖਾ ਦਾ ਐਲਾਨ ਕੀਤਾ ਜਾਵੇਗਾ। ਮੀਟਿੰਗ ਵਿੱਚ ਇੰਦਰਜੀਤ ਸਿੰਘ ਡੇਲੂਆਣਾ, ਗੁਰਮੀਤ ਕੌਰ ਸੰਗਰੂਰ, ਹਰਪ੍ਰੀਤ ਸਿੰਘ ਨੀਲੋਵਾਲ, ਰੁਪਿੰਦਰ ਕੌਰ ਗਿੱਲ, ਮਨਿੰਦਰ ਰਾਣਾ ਰੋਪੜ, ਨਵਤੇਜ ਮੋਗਾ, ਕੁਲਦੀਪ ਕਪੂਰਥਲਾ ਸਮੇਤ ਹੋਰ ਅਧਿਆਪਕ ਆਗੂਆਂ ਨੇ ਵਿਸ਼ੇਸ਼ ਤੌਰ ’ਤੇ ਹਿੱਸਾ ਲਿਆ।