ਨਿੱਜੀ ਪੱਤਰ ਪ੍ਰੇਰਕ
ਨੂਰਪੁਰ ਬੇਦੀ, 7 ਮਈ
ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚਨੌਲੀ ਬਸੀ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਸ਼ਰਨਜੀਤ ਕੌਰ ਅਤੇ ਸਮੂਹ ਸਟਾਫ ਵੱਲੋਂ ਉਨ੍ਹਾਂ ਨੂੰ ਸਕੂਲ ਆਉਣ ’ਤੇ ਜੀ ਆਇਆਂ ਕਿਹਾ ਗਿਆ। ਇਸ ਮੌਕੇ ਸਿੱਖਿਆ ਮੰਤਰੀ ਮੀਤ ਹੇਅਰ ਵੱਲੋਂ ਸਕੂਲ ਦਾ ਅਤੇ ਕਰੀਬ 35 ਲੱਖ ਰੁਪਏ ਦੀ ਲਾਗਤ ਨਾਲ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਬਣਾਈ ਗਈ ਨਵੀਂ ਇਮਾਰਤ ਦਾ ਵੀ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨੇ ਛੇਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਕਈ ਸਵਾਲ ਪੁੱਛੇ। ਵਿਦਿਆਰਥੀਆਂ ਵੱਲੋਂ ਵਧੀਆ ਢੰਗ ਨਾਲ ਜਵਾਬ ਦੇਣ ’ਤੇ ਸਿੱਖਿਆ ਮੰਤਰੀ ਕਾਫੀ ਖੁਸ਼ ਹੋਏ। ਇਸ ਮੌਕੇ ਪਿੰਡ ਦੇ ਮੋਹਤਬਰਾਂ ਅਤੇ ਸਕੂਲ ਸਟਾਫ ਨੇ ਸਾਇੰਸ ਗਰੁੱਪ ਸ਼ੁਰੂ ਕਰਨ ਦੀ ਮੰਗ ਕੀਤੀ। ਵਿਧਾਇਕ ਦਿਨੇਸ਼ ਚੱਢਾ ਵੱਲੋਂ ਸਕੂਲ ਵਿਚ ਹੋਰ ਸੁਧਾਰ ਲਿਆਉਣ, ਸਿੱਖਿਆ ਦੇ ਖੇਤਰ ਵਿਚ ਸਾਰੀਆਂ ਜ਼ਰੂਰਤਾ ਪੂਰੀਆਂ ਕਰਨ, ਸਕੂਲ ਵਿੱਚ ਸਾਇੰਸ ਗਰੁੱਪ ਸ਼ੁਰੂ ਕਰਨ ਦੀ ਸਿੱਖਿਆ ਮੰਤਰੀ ਨੂੰ ਅਪੀਲ ਕੀਤੀ, ਜਿਸ ’ਤੇ ਮੰਤਰੀ ਨੇ ਸਾਰੀਆਂ ਮੰਗਾਂ ਪੂਰੀਆਂ ਕਰਨ ਦੀ ਹਾਮੀ ਭਰੀ।