ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 5 ਮਾਰਚ
ਖਾਲਸਾ ਕਾਲਜ ਦੇ 130 ਸਾਲਾ ਸਥਾਪਨਾ ਦਿਵਸ ਮੌਕੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ 116ਵੀਂ ਸਾਲਾਨਾ ਕਾਨਵੋਕੇਸ਼ਨ ਵਿਚ ਪੋਸਟ-ਗਰੈਜੂਏਟ ਅਤੇ ਗਰੈਜੂਏਟ ਜਮਾਤਾਂ ਦੇ 1,626 ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ। ਇਸ ਮੌਕੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ, ਆਨਰੇਰੀ ਸਕੱਤਰ ਰਾਜਿੰਦਰ ਮੋਹਨ ਸਿੰਘ ਛੀਨਾ ਤੇ ਪ੍ਰਿੰਸੀਪਲ ਡਾ. ਮਹਿਲ ਸਿੰਘ ਵੀ ਮੌਜੂਦ ਸਨ।
ਸ੍ਰੀ ਪੁਰੋਹਿਤ ਨੇ ਕਿਹਾ ਕਿ ਵਿੱਦਿਆ ਦੁਨੀਆਂ ਦੇ ਬਦਲਾਅ ਲਈ ਇਕ ਢੁੱਕਵਾਂ ਜ਼ਰੀਆ ਹੈ। ਮਨੁੱਖ ਨੂੰ ਆਪਣੇ ਜੀਵਨ ’ਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸਿੱਖਿਆ ਹੀ ਇਨ੍ਹਾਂ ਮੁਸ਼ਕਲਾਂ ’ਚੋਂ ਨਿਕਲਣ ਦਾ ਵੱਡਾ ਅਤੇ ਅਹਿਮ ਸਾਧਨ ਹੈ। ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਕਾਲਜ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦੇ ਨਾਲ ਹੀ ਭਵਿੱਖ ’ਚ ਆਉਣ ਵਾਲੀਆਂ ਮੁਸ਼ਕਲਾਂ ਨਾਲ ਨਜਿੱਠਣ ਲਈ ਉਨ੍ਹਾਂ ’ਚ ਹਿੰਮਤ ਅਤੇ ਭਰੋਸੇ ਦੀ ਭਾਵਨਾ ਵੀ ਪੈਦਾ ਕਰਦਾ ਹੈ। ਖ਼ਾਲਸਾ ਕਾਲਜ ਦਾ ਆਪਣੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਮੀਰ ਵਿਰਸੇ, ਭਾਸ਼ਾ ਅਤੇ ਰਵਾਇਤਾਂ ਨਾਲ ਜੋੜਨ ’ਚ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ’ਚ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਸਫ਼ਲਤਾ ਦਾ ਕੋਈ ਸ਼ਾਰਟ-ਕੱਟ ਨਹੀਂ ਹੁੰਦਾ। ਦ੍ਰਿੜ੍ਹ ਨਿਸ਼ਚੇ ਅਤੇ ਲਗਨ ਨਾਲ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਹਮੇਸ਼ਾ ਆਪਣੀ ਜ਼ਿੰਦਗੀ ’ਚ ਸਹਾਇਤਾ ਕਰਨ ਵਾਲੇ ਵਿਅਕਤੀਆਂ ਦਾ ਸ਼ੁਕਰਗੁਜ਼ਾਰ ਰਹਿਣਾ ਚਾਹੀਦਾ ਹੈ। ਡਿਗਰੀ ਜੀਵਨ ਦਾ ਅੰਤ ਨਹੀਂ ਹੈ, ਸਗੋਂ ਇਹ ਜ਼ਿੰਦਗੀ ਦੇ ਲੰਮੇ ਸਫ਼ਰ ਦਾ ਇਕ ਹਿੱਸਾ ਹੈ।
ਸੱਤਿਆਜੀਤ ਮਜੀਠੀਆ ਨੇ ਕਿਹਾ ਕਿ ਬਨਵਾਰੀ ਲਾਲ ਪੁਰੋਹਿਤ ਨੇ ਰਾਜਨੀਤੀ ਅਤੇ ਸਮਾਜ ਸੇਵੀ ਮੁੱਦਿਆਂ ’ਚ ਅਮੁੱਲ ਯੋਗਦਾਨ ਪਾਇਆ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਸ੍ਰੀ ਛੀਨਾ ਨੇ ਵਿਦਿਆਰਥੀਆਂ ਨੂੰ ਜੀਵਨ ’ਚ ਲਗਨ ਨਾਲ ਮਿਹਨਤ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਜੀਵਨ ’ਚ ਕੋਈ ਕੰਮ ਮੁਸ਼ਕਲ ਨਹੀਂ ਹੈ। ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਦੀਆਂ ਵਿੱਦਿਅਕ, ਸੱਭਿਆਚਾਰਕ ਗਤੀਵਿਧੀਆਂ ਤੇ ਖੇਡਾਂ ’ਚ ਪ੍ਰਾਪਤੀਆਂ ਦਾ ਹਵਾਲਾ ਦਿੰਦੇ ਹੋਏ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹੀ। ਉਨ੍ਹਾਂ ਕਿਹਾ ਕਿ ਗਵਰਨਿੰਗ ਕੌਂਸਲ ਦੀ ਅਗਵਾਈ ਹੇਠ ਕਾਲਜ ਨੇ ਤਰੱਕੀ ਕੀਤੀ ਹੈ ਤੇ ਵਿਦਿਆਰਥੀਆਂ ਨੇ ਇਮਤਿਹਾਨਾਂ ਦੇ ਨਾਲ ਖੇਡਾਂ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਮਾਗਮ ਦੌਰਾਨ ਐਸੋਸੀਏਟ ਪ੍ਰੋਫੇਸਰ ਡਾ. ਜਸਵਿੰਦਰ ਸਿੰਘ ਨੂੰ ‘ਰਿਸਰਚ ਐਵਾਰਡ’ ਤੇ ਐਸੋਸੀਏਟ ਪ੍ਰੋਫੈਸਰ, ਡਾ. ਅਮਿਤ ਆਨੰਦ ਨੂੰ ‘ਬੈਸਟ ਟੀਚਰ’ ਦਾ ਐਵਾਰਡ ਦਿੱਤਾ ਗਿਆ।