ਚਰਨਜੀਤ ਭੁੱਲਰ
ਮੁੱਖ ਅੰਸ਼
- ਵਰੁਣ ਰੂਜਮ ਤੇ ਨਰੇਸ਼ ਦੂਬੇ ਸਣੇ ਪੰਜਾਬ ਦੇ ਤਿੰਨ ਅਫ਼ਸਰਾਂ ਤੋਂ ਪੁੱਛ-ਪੜਤਾਲ
- ਤਿੱਕੜੀ ਨੂੰ ਵਾਰੋ ਵਾਰੀ ਦਿੱਲੀ ਤਲਬ ਕਰਕੇ ਸਵਾਲ ਕੀਤੇ
ਚੰਡੀਗੜ੍ਹ, 16 ਸਤੰਬਰ
ਐੱਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਦਿੱਲੀ ਆਬਕਾਰੀ ਨੀਤੀ ਘੁਟਾਲੇ ਵਿਚ ਪੰਜਾਬ ਆਬਕਾਰੀ ਵਿਭਾਗ ਦੇ ਦੋ ਆਈਏਐੱਸ ਅਫ਼ਸਰਾਂ ਅਤੇ ਇੱਕ ਸੰਯੁਕਤ ਕਮਿਸ਼ਨਰ ਤੋਂ ਪੁੱਛ-ਪੜਤਾਲ ਸ਼ੁਰੂ ਕੀਤੀ ਹੈ। ਇਨ੍ਹਾਂ ਅਧਿਕਾਰੀਆਂ ਤੋਂ ਪੁੱਛ-ਪੜਤਾਲ ਕਰਕੇ ਈਡੀ ਨੇ ਆਪਣੇ ਕਦਮ ਪੰਜਾਬ ਵੱਲ ਵਧਾ ਲਏ ਹਨ। ਈਡੀ ਵੱਲੋਂ ਕਰੀਬ ਇੱਕ ਹਫ਼ਤੇ ਤੋਂ ਚੁੱਪ-ਚੁਪੀਤੇ ਇਨ੍ਹਾਂ ਅਧਿਕਾਰੀਆਂ ਨੂੰ ਵਾਰੋ-ਵਾਰੀ ਤਲਬ ਕਰਕੇ ਪੜਤਾਲ ਕੀਤੀ ਜਾ ਰਹੀ ਹੈ।
ਦਿੱਲੀ ਦੀ ਆਬਕਾਰੀ ਨੀਤੀ ਵਿਚ ਬੇਨਿਯਮੀਆਂ ਨੂੰ ਲੈ ਕੇ ਪਹਿਲਾਂ ਹੀ ਇੱਕ ਕੇਸ ਦਰਜ ਹੋ ਚੁੱਕਾ ਹੈ। ‘ਆਪ’ ਨੂੰ ਪਹਿਲਾਂ ਹੀ ਖ਼ਦਸ਼ਾ ਸੀ ਕਿ ਈਡੀ ਪੰਜਾਬ ਦੇ ਅਫ਼ਸਰਾਂ ਤੱਕ ਪੁੱਜ ਸਕਦੀ ਹੈ। ਈਡੀ ਦੀਆਂ ਟੀਮਾਂ ਨੇ 6 ਸਤੰਬਰ ਨੂੰ ਆਬਕਾਰੀ ਤੇ ਕਰ ਕਮਿਸ਼ਨਰ ਵਰੁਣ ਰੂਜਮ ਅਤੇ ਸੰਯੁਕਤ ਕਮਿਸ਼ਨਰ ਨਰੇਸ਼ ਦੂਬੇ ਦੀ ਰਿਹਾਇਸ਼ ’ਤੇ ਛਾਪੇ ਮਾਰੇ ਸਨ।
ਵੇਰਵਿਆਂ ਅਨੁਸਾਰ ਹੁਣ ਈਡੀ ਨੇ ਪੰਜਾਬ ਦੇ ਆਬਕਾਰੀ ਮਹਿਕਮੇ ਦੇ ਸਾਬਕਾ ਅਤੇ ਮੌਜੂਦਾ ਤਿੰਨ ਅਫ਼ਸਰਾਂ ਦੀ ਤਿੱਕੜੀ ਨੂੰ ਵਾਰੋ-ਵਾਰੀ ਤਲਬ ਕੀਤਾ ਸੀ, ਜਿਨ੍ਹਾਂ ਤੋਂ ਆਬਕਾਰੀ ਨੀਤੀ ਨੂੰ ਲੈ ਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਈਡੀ ਵੱਲੋਂ ਆਈਏਐੱਸ ਅਧਿਕਾਰੀ ਕੇ.ਏ.ਪੀ ਸਿਨਹਾ ਨੂੰ ਇਸ ਹਫ਼ਤੇ ਦੇ ਸ਼ੁਰੂ ਵਿਚ ਤਲਬ ਕਰਕੇ ਸਵਾਲ-ਜਵਾਬ ਕੀਤੇ ਗਏ ਸਨ। ਈਡੀ ਨੇ ਲੰਘੇ ਦਿਨ ਆਬਕਾਰੀ ਮਹਿਕਮੇ ਦੇ ਕਮਿਸ਼ਨਰ ਵਰੁਣ ਰੂਜਮ ਅਤੇ ਸੰਯੁਕਤ ਕਮਿਸ਼ਨਰ ਨਰੇਸ਼ ਦੂਬੇ ਨੂੰ ਦਿੱਲੀ ਤਲਬ ਕੀਤਾ ਸੀ ਅਤੇ ਇਨ੍ਹਾਂ ਦੋਵਾਂ ਅਧਿਕਾਰੀਆਂ ਨੂੰ ਸਵਾਲ ਕੀਤੇ ਹਨ। ਪਤਾ ਲੱਗਾ ਹੈ ਕਿ ਨਰੇਸ਼ ਦੂਬੇ ਨੂੰ ਈਡੀ ਪਹਿਲਾਂ ਵੀ ਇੱਕ ਦਫ਼ਾ ਬੁਲਾ ਚੁੱਕੀ ਹੈ। ਸੂਤਰ ਦੱਸਦੇ ਹਨ ਕਿ 6 ਸਤੰਬਰ ਨੂੰ ਨਰੇਸ਼ ਦੂਬੇ ਦੀ ਪੰਚਕੂਲਾ ਸਥਿਤ ਰਿਹਾਇਸ਼ ’ਤੇ ਮਾਰੇ ਛਾਪੇ ਦੌਰਾਨ ਈਡੀ ਅਧਿਕਾਰੀਆਂ ਨੇ ਉਨ੍ਹਾਂ ਦਾ ਮੋਬਾਈਲ ਕਬਜ਼ੇ ਵਿਚ ਲਿਆ ਸੀ। ਸੰਘੀ ਜਾਂਚ ਏਜੰਸੀ ਨੂੰ ਮੋਬਾਈਲ ਵਿਚਲੇ ਡੇਟਾ ਤੋਂ ਕੁਝ ਸੁਰਾਗ ਹੱਥ ਲੱਗੇ ਹਨ, ਜਿਨ੍ਹਾਂ ਨੂੰ ਲੈ ਕੇ ਇਨ੍ਹਾਂ ਅਧਿਕਾਰੀਆਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਵਾਰ ਵਾਰ ਸੰਪਰਕ ਕਰਨ ਦੇ ਬਾਵਜੂਦ ਉਨ੍ਹਾਂ ਫ਼ੋਨ ਨਹੀਂ ਚੁੱਕਿਆ।