ਚਰਨਜੀਤ ਭੁੱਲਰ
ਚੰਡੀਗੜ੍ਹ, 7 ਅਕਤੂਬਰ
ਮੁੱਖ ਅੰਸ਼
- ਠੋਸ ਦਸਤਾਵੇਜ਼ ਹੱਥ ਨਾ ਲੱਗਣ ਦਾ ਦਾਅਵਾ
- ਸ਼ਰਾਬ ਕੰਪਨੀਆਂ, ਸਪਲਾਇਰਾਂ ਅਤੇ ਹੋਰਾਂ ਦੇ ਰਿਕਾਰਡਾਂ ਦੀ ਪੜਤਾਲ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਦੀ ‘ਆਪ’ ਸਰਕਾਰ ਦੀ ਆਬਕਾਰੀ ਨੀਤੀ ਨਾਲ ਜੁੜੇ ਮਾਮਲੇ ’ਚ ਅੱਜ ਦਿੱਲੀ, ਪੰਜਾਬ ਅਤੇ ਆਂਧਰਾ ਪ੍ਰਦੇਸ਼ ’ਚ ਕਰੀਬ 35 ਰਿਹਾਇਸ਼ੀ ਅਤੇ ਕਾਰੋਬਾਰੀ ਟਿਕਾਣਿਆਂ ’ਤੇ ਛਾਪੇ ਮਾਰੇ। ਦਿਨ ਭਰ ਚੱਲੀ ਤਲਾਸ਼ੀ ਮੁਹਿੰਮ ’ਚ ਈਡੀ ਦੇ ਹੱਥ ਕੋਈ ਪੁਖ਼ਤਾ ਦਸਤਾਵੇਜ਼ ਲੱਗਣ ਦੀ ਪੁਸ਼ਟੀ ਨਹੀਂ ਹੋਈ ਹੈ। ਬੇਸ਼ੱਕ ਦਿੱਲੀ ਸਰਕਾਰ ਨੇ ਆਪਣੀ ਨਵੀਂ ਆਬਕਾਰੀ ਨੀਤੀ ਰੱਦ ਕਰ ਦਿੱਤੀ ਹੈ ਪ੍ਰੰਤੂ ਈਡੀ ਨੇ ਕਥਿਤ ਬੇਨਿਯਮੀਆਂ ਦੀ ਜਾਂਚ ਤਹਿਤ ਸ਼ਰਾਬ ਕੰਪਨੀਆਂ, ਸਪਲਾਇਰਾਂ ਅਤੇ ਉਨ੍ਹਾਂ ਨਾਲ ਸਬੰਧ ਰਖਦੀਆਂ ਸੰਸਥਾਵਾਂ ਦੇ ਰਿਕਾਰਡਾਂ ਨੂੰ ਛਾਣਿਆ।
ਕੇਂਦਰੀ ਏਜੰਸੀ ਹੁਣ ਤੱਕ 103 ਟਿਕਾਣਿਆਂ ’ਤੇ ਛਾਪੇ ਮਾਰ ਚੁੱਕੀ ਹੈ। ਈਡੀ ਨੇ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਦੇ 2012-17 ਦੌਰਾਨ ਵਿਧਾਇਕ ਰਹੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੀ ਫ਼ਰੀਦਕੋਟ ਰਿਹਾਇਸ਼ ਤੋਂ ਇਲਾਵਾ ਲੁਧਿਆਣਾ ਅਤੇ ਮਾਨਸਾ ’ਚ ਉਸ ਦੇ ਕਾਰੋਬਾਰੀ ਟਿਕਾਣਿਆਂ ’ਤੇ ਛਾਪੇ ਮਾਰੇ। ਇਸ ਤੋਂ ਪਹਿਲਾਂ ਈਡੀ ਨੇ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਅਤੇ ਸੰਯੁਕਤ ਕਮਿਸ਼ਨਰ ਨਰੇਸ਼ ਦੂਬੇ ਦੀ ਰਿਹਾਇਸ਼ ’ਤੇ ਵੀ ਛਾਪੇ ਮਾਰੇ ਸਨ। ਈਡੀ ਉਨ੍ਹਾਂ ਸਮੇਤ ਪੰਜਾਬ ਦੇ ਤਿੰਨ ਆਈਏਐੱਸ ਅਧਿਕਾਰੀਆਂ ਨੂੰ ਤਲਬ ਵੀ ਕਰ ਚੁੱਕੀ ਹੈ।
ਮਲਹੋਤਰਾ ਦਾ ਗੱਠਜੋੜ ਸਰਕਾਰ ਅਤੇ ਬਾਅਦ ’ਚ ਕੈਪਟਨ ਹਕੂਮਤ ਸਮੇਂ ਸ਼ਰਾਬ ਦਾ ਥੋਕ ਕਾਰੋਬਾਰ ਰਿਹਾ ਹੈ ਅਤੇ ਹੁਣ ‘ਆਪ’ ਸਰਕਾਰ ’ਚ ਵੀ ਉਸ ਦਾ ਸ਼ਰਾਬ ਕਾਰੋਬਾਰ ’ਚ ਵੱਡਾ ਹਿੱਸਾ ਹੈ। ‘ਆਪ’ ਹਾਈਕਮਾਨ ਨਾਲ ਦੀਪ ਮਲਹੋਤਰਾ ਦੇ ਨੇੜਲੇ ਸਬੰਧ ਹਨ ਅਤੇ ਦਿੱਲੀ ਵਿਚ ਵੀ ਦੀਪ ਮਲਹੋਤਰਾ ਦੀਆਂ ਉਨ੍ਹਾਂ ਦੋ ਫ਼ਰਮਾਂ ਵਿਚ ਹਿੱਸੇਦਾਰੀ ਹੈ ਜਿਨ੍ਹਾਂ ਕੋਲ ਕਰੀਬ ਤਿੰਨ ਗਰੁੱਪਾਂ ਦਾ ਸ਼ਰਾਬ ਕਾਰੋਬਾਰ ਹੈ। ਦੀਪ ਮਲਹੋਤਰਾ ਦੀਆਂ ਪੰਜਾਬ ਅਤੇ ਮੱਧ ਪ੍ਰਦੇਸ਼ ਤੋਂ ਇਲਾਵਾ ਹੋਰ ਸੂਬਿਆਂ ਵਿਚ ਸ਼ਰਾਬ ਸਨਅਤਾਂ ਵੀ ਹਨ। ਜਦੋਂ ਪੰਜਾਬ ’ਚ ਸ਼ਰਾਬ ਦੇ ਕਾਰੋਬਾਰ ਵਿਚ ਪੌਂਟੀ ਚੱਢਾ ਦੀ ਤੂਤੀ ਬੋਲਦੀ ਸੀ ਤਾਂ ਉਦੋਂ ਅਕਾਲੀ ਨੇਤਾ ਸੁਖਬੀਰ ਸਿੰਘ ਬਾਦਲ ਨੇ ਦੀਪ ਮਲਹੋਤਰਾ ਨੂੰ ਉਨ੍ਹਾਂ ਦੇ ਮੁਕਾਬਲੇ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ ਸੀ। ਈਡੀ ਦੀ ਦਿੱਲੀ ਅਤੇ ਜਲੰਧਰ ਦਫ਼ਤਰ ਦੀ ਟੀਮ ਨੇ ਸੰਯੁਕਤ ਰੂਪ ਵਿਚ ਇੱਕ ਮਹਿਲਾ ਅਧਿਕਾਰੀ ਦੀ ਅਗਵਾਈ ਹੇਠ ਦੀਪ ਮਲਹੋਤਰਾ ਦੀ ਫ਼ਰੀਦਕੋਟ ਰਿਹਾਇਸ਼ ’ਤੇ ਸਵੇਰੇ ਕਰੀਬ 7 ਵਜੇ ਛਾਪਾ ਮਾਰਿਆ। ਕਰੀਬ ਤਿੰਨ ਦਿਨ ਪਹਿਲਾਂ ਹੀ ਦੀਪ ਮਲਹੋਤਰਾ ਇਸ ਰਿਹਾਇਸ਼ ’ਤੇ ਆਏ ਸਨ ਅਤੇ ਚਲੇ ਗਏ ਸਨ। ਦੀਪ ਮਲਹੋਤਰਾ ਦਾ ਪਰਿਵਾਰ ਦਿੱਲੀ ਰਹਿੰਦਾ ਹੈ। ਵੇਰਵਿਆਂ ਅਨੁਸਾਰ ਈਡੀ ਟੀਮ ਨੇ ਪੂਰਾ ਦਿਨ ਤਲਾਸ਼ੀ ਮੁਹਿੰਮ ਚਲਾਈ ਅਤੇ ਪਤਾ ਲੱਗਾ ਹੈ ਕਿ ਕੁੱਝ ਦਸਤਾਵੇਜ਼ ਵੀ ਅਧਿਕਾਰੀਆਂ ਦੇ ਹੱਥ ਲੱਗੇ ਹਨ। ਇਸੇ ਤਰ੍ਹਾਂ ਟੀਮਾਂ ਨੇ ਦੀਪ ਮਲਹੋਤਰਾ ਦੀ ਕੰਪਨੀ ਨਾਲ ਜੁੜੇ ਲੁਧਿਆਣਾ ਦੇ ਗੁਰਦੇਵ ਨਗਰ ਵਿਚਲੇ ਇੱਕ ਕਾਰੋਬਾਰੀ ਟਿਕਾਣੇ ’ਤੇ ਵੀ ਛਾਪਾ ਮਾਰਿਆ। ਇੱਥੋਂ ਦੇ ਗੁਦਾਮ ’ਚੋਂ ਕਾਫ਼ੀ ਮਾਲ ਦੀ ਸਪਲਾਈ ਹੁੰਦੀ ਹੈ। ਈਡੀ ਦੇ ਰਾਡਾਰ ’ਤੇ ਹੋਰ ਕਾਰੋਬਾਰੀ ਵੀ ਆ ਸਕਦੇ ਸਨ ਜਿਸ ਕਰਕੇ ਦੀਪ ਮਲਹੋਤਰਾ ਨਾਲ ਨੇੜਿਓਂ ਜੁੜੇ ਕਾਰੋਬਾਰੀ ਵੀ ਡਰੇ ਹੋਏ ਹਨ। ਈਡੀ ਟੀਮ ਨੇ ਮਾਨਸਾ ਵਿਚ ਮਲਹੋਤਰਾ ਦੇ ਨੇੜਲੇ ਰਾਜ ਕੁਮਾਰ ਦੀ ਰਿਹਾਇਸ਼ ਦੀ ਵੀ ਤਲਾਸ਼ੀ ਲਈ। ਰਾਜ ਕੁਮਾਰ ਨੇ ਕਿਹਾ ਕਿ ਉਹ ਮਲਹੋਤਰਾ ਦੀ ਕੰਪਨੀ ਦਾ ਇੱਕ ਮੁਲਾਜ਼ਮ ਹੈ ਅਤੇ ਈਡੀ ਟੀਮ ਨੂੰ ਛਾਪੇ ਦੌਰਾਨ ਕੁਝ ਵੀ ਪ੍ਰਾਪਤ ਨਹੀਂ ਹੋਇਆ ਹੈ। ਈਡੀ ਟੀਮਾਂ ਨੇ ਹੈਦਰਾਬਾਦ ਅਤੇ ਦਿੱਲੀ ਵਿਚ ਵੀ ਛਾਪੇ ਮਾਰੇ ਹਨ ਪ੍ਰੰਤੂ ਕਿਧਰੋਂ ਵੀ ਕੁੱਝ ਠੋਸ ਦਸਤਾਵੇਜ਼ ਹੱਥ ਲੱਗਣ ਦੀ ਪੁਸ਼ਟੀ ਨਹੀਂ ਹੋਈ ਹੈ। ਆਂਧਰਾ ਪ੍ਰਦੇਸ਼ ਅਤੇ ਦਿੱਲੀ ਵਿਚਲੇ ਸ਼ਰਾਬ ਕਾਰੋਬਾਰ ਵਿਚ ਦੀ ਕੜੀ ਜੋੜੀ ਜਾ ਰਹੀ ਹੈ। ਚੇਤੇ ਰਹੇ ਕਿ ਸੀਬੀਆਈ ਨੇ 17 ਅਗਸਤ ਨੂੰ ਦਿੱਲੀ ਦੀ ਆਬਕਾਰੀ ਨੀਤੀ ਵਿਚ ਕਥਿਤ ਘੁਟਾਲਾ ਹੋਣ ਦੇ ਦੋਸ਼ ਤਹਿਤ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ 13 ਹੋਰਨਾਂ ’ਤੇ ਕੇਸ ਦਰਜ ਕੀਤਾ ਸੀ। ਸੀਬੀਆਈ ਸਿਸੋਦੀਆ ਦੇ ਘਰ ਅਤੇ ਟਿਕਾਣਿਆਂ ’ਤੇ ਪਹਿਲਾਂ ਛਾਪੇ ਮਾਰ ਚੁੱਕੀ ਹੈ। ਈਡੀ ਹੁਣ ਨਵੇਂ ਸਿਰਿਓਂ ਸਬੂਤ ਜੁਟਾਉਣ ਵਿਚ ਜੁਟੀ ਹੋਈ ਹੈ। ਪਿਛਲੇ ਮਹੀਨੇ ਸ਼ਰਾਬ ਕਾਰੋਬਾਰੀ ਤੇ ਇੰਡੋ ਸਪਿਰਿਟ ਦੇ ਐੱਮਡੀ ਸਮੀਰ ਮਹਿੰਦਰੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ‘ਆਪ’ ਦੇ ਆਗੂ ਵਿਜੈ ਨਾਇਰ ਨਿਆਂਇਕ ਹਿਰਾਸਤ ਵਿਚ ਹਨ।
ਲੁਧਿਆਣਾ ’ਚ ਦੀਪ ਮਲਹੋਤਰਾ ਦੇ ਦਫ਼ਤਰ ਦੀ ਜਾਂਚ
ਲੁਧਿਆਣਾ (ਗਗਨਦੀਪ ਅਰੋੜਾ): ਈਡੀ ਦੀ ਟੀਮ ਲੁਧਿਆਣਾ ਦੇ ਗੁਰਦੇਵ ਨਗਰ ’ਚ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਦਫ਼ਤਰ ਵਿੱਚ ਪੁੱਜੀ। ਟੀਮ ਨੇ ਦੇਰ ਸ਼ਾਮ ਤੱਕ ਇਥੇ ਦਸਤਾਵੇਜ਼ਾਂ ਆਦਿ ਦੀ ਜਾਂਚ ਕੀਤੀ। ਟੀਮ ਸਵੇਰੇ ਹੀ ਦਫ਼ਤਰ ’ਤੇ ਜਾਂਚ ਲਈ ਪੁੱਜ ਗਈ ਸੀ। ਜਾਣਕਾਰੀ ਮੁਤਾਬਕ ਈਡੀ ਦੇ ਅਧਿਕਾਰੀਆਂ ਨੇ ਛਾਪੇ ਦੌਰਾਨ ਕੁਝ ਕਾਗਜ਼ਾਤ, ਕੰਪਿਊਟਰ ਅਤੇ ਹੋਰ ਸਾਮਾਨ ਆਪਣੇ ਕਬਜ਼ੇ ਵਿੱਚ ਲਿਆ ਹੈ। ਗੁਰਦੇਵ ਨਗਰ ਵਿੱਚ ਕੰਪਨੀ ਦਾ ਦਫ਼ਤਰ ਅਤੇ ਗੁਦਾਮ ਹੈ। ਇੱਥੇ ਕੋਈ ਹੋਰ ਕੰਪਨੀ ਉਨ੍ਹਾਂ ਦਾ ਸਾਰਾ ਕੰਮਕਾਜ ਸਾਂਭਦੀ ਹੈ।
ਪੰਜਾਬ ਸਰਕਾਰ ’ਚ ਵਧੀ ਹਲਚਲ
ਪੰਜਾਬ ਦੀ ‘ਆਪ’ ਸਰਕਾਰ ਵਿਚ ਵੀ ਇਨ੍ਹਾਂ ਛਾਪਿਆਂ ਨੇ ਹਲਚਲ ਵਧਾ ਦਿੱਤੀ ਹੈ ਅਤੇ ਸਰਕਾਰ ਨੂੰ ਖ਼ਦਸ਼ਾ ਹੈ ਕਿ ਦਿੱਲੀ ਦੀ ਆਬਕਾਰੀ ਨੀਤੀ ਦਾ ਸੇਕ ਪੰਜਾਬ ਤੱਕ ਪੁੱਜ ਸਕਦਾ ਹੈ। ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਨੇ ਵੀਰਵਾਰ ਨੂੰ ਮੁੱਖ ਮੰਤਰੀ ਦਫ਼ਤਰ ਦੇ ਇੱਕ-ਦੋ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ। ‘ਆਪ’ ਆਗੂ ਇਸ ਛਾਪੇ ਨੂੰ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣਾਂ ਨਾਲ ਜੋੜ ਕੇ ਦੇਖ ਰਹੇ ਹਨ। ਸੂਤਰਾਂ ਮੁਤਾਬਕ ਦੀਪ ਮਲਹੋਤਰਾ ਨੂੰ ਛਾਪਿਆਂ ਦਾ ਪਹਿਲਾਂ ਹੀ ਇਲਮ ਹੋ ਗਿਆ ਸੀ ਜਿਸ ਕਰਕੇ ਉਹ ਵੀਰਵਾਰ ਨੂੰ ਹੀ ਚੰਡੀਗੜ੍ਹ ਤੋਂ ਕਿਤੇ ਚਲੇ ਗਏ ਸਨ।
ਸਰਕਾਰੀ ਗਵਾਹ ਬਣਿਆ ਆਬਕਾਰੀ ਅਧਿਕਾਰੀ
ਸੂਤਰਾਂ ਅਨੁਸਾਰ ਸੀਬੀਆਈ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦਿੱਲੀ ਦੇ ਆਬਕਾਰੀ ਅਧਿਕਾਰੀਆਂ ’ਚੋਂ ਇੱਕ ਸਰਕਾਰੀ ਗਵਾਹ ਬਣ ਗਿਆ ਹੈ ਜਿਸ ਵੱਲੋਂ ਦਿੱਲੀ ਦੇ ਸ਼ਰਾਬ ਕਾਰੋਬਾਰੀ ਨਾਲ ਜੁੜੇ ਲੋਕਾਂ ਅਤੇ ਪੰਜਾਬ ਵਿਚਲੇ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੀ ਸੂਹ ਦਿੱਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਦੀਪ ਮਲਹੋਤਰਾ ’ਤੇ ਈਡੀ ਦੇ ਛਾਪੇ ਵੀ ਇਸ ਅਧਿਕਾਰੀ ਵੱਲੋਂ ਦਿੱਤੀ ਸੂਹ ਦੇ ਆਧਾਰ ’ਤੇ ਮਾਰੇ ਗਏ ਹਨ। ਜਾਣਕਾਰੀ ਮੁਤਾਬਕ ਇਸ ਸਰਕਾਰੀ ਗਵਾਹ ਬਣੇ ਅਧਿਕਾਰੀ ਤੋਂ ਸਭ ਖ਼ੌਫ਼ ਖਾ ਰਹੇ ਹਨ।
ਕੇਜਰੀਵਾਲ ਵੱਲੋਂ ਈਡੀ ਦੇ ਛਾਪੇ ਘਟੀਆ ਸਿਆਸਤ ਕਰਾਰ
ਨਵੀਂ ਦਿੱਲੀ (ਪੱਤਰ ਪ੍ਰੇਰਕ): ਆਬਕਾਰੀ ਨੀਤੀ ਦੇ ਮਾਮਲੇ ’ਚ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਾਰੇ ਗਏ ਛਾਪਿਆਂ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਨੂੰ ਗੰਦੀ ਸਿਆਸਤ ਕਰਾਰ ਦਿੱਤਾ ਹੈ। ਉਨ੍ਹਾਂ ਟਵੀਟ ਕਰਕੇ ਇਸ ਸਾਰੀ ਕਸਰਤ ਨੂੰ ਸਮੇਂ ਦੀ ਬਰਬਾਦੀ ਦੱਸਿਆ ਅਤੇ ਕਿਹਾ ਕਿ 500 ਤੋਂ ਵੱਧ ਥਾਵਾਂ ਉਪਰ ਛਾਪੇ ਮਾਰਨ ਮਗਰੋਂ ਵੀ ਜਾਂਚ ਏਜੰਸੀ ਦੇ ਹੱਥ ਖਾਲੀ ਹਨ। ਸ੍ਰੀ ਕੇਜਰੀਵਾਲ ਨੇ ਕਿਹਾ, ‘‘500 ਤੋਂ ਵੱਧ ਥਾਵਾਂ ’ਤੇ ਛਾਪੇ, 3 ਮਹੀਨਿਆਂ ਤੋਂ ਸੀਬੀਆਈ/ਈਡੀ ਦੇ 300 ਤੋਂ ਵੱਧ ਅਧਿਕਾਰੀ ਮਨੀਸ਼ ਸਿਸੋਦੀਆ ਖ਼ਿਲਾਫ਼ 24 ਘੰਟੇ ਸਬੂਤ ਲੱਭਣ ’ਚ ਲੱਗੇ ਹੋਏ ਹਨ। ਕੁੱਝ ਨਹੀਂ ਮਿਲ ਰਿਹਾ ਕਿਉਂਕਿ ਕੁੱਝ ਕੀਤਾ ਹੀ ਨਹੀਂ ਹੈ। ਆਪਣੀ ਗੰਦੀ ਸਿਆਸਤ ਲਈ ਇੰਨੇ ਅਧਿਕਾਰੀਆਂ ਦਾ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ। ਇੰਜ ਦੇਸ਼ ਕਿਵੇਂ ਤਰੱਕੀ ਕਰੇਗਾ?’’ ਜ਼ਿਕਰਯੋਗ ਹੈ ਕਿ 16 ਸਤੰਬਰ ਨੂੰ ਵੀ ਈਡੀ ਨੇ ਦਿੱਲੀ ਸਮੇਤ ਦੇਸ਼ ਭਰ ’ਚ 40 ਥਾਵਾਂ ’ਤੇ ਛਾਪੇ ਮਾਰੇ ਸਨ।