ਮੁੱਖ ਅੰਸ਼
- ਸਿਹਤ ਤੇ ਸਿੱਖਿਆ ਨੂੰ ਤਰਜੀਹ ਸ਼ਲਾਘਾਯੋਗ ਕਰਾਰ
- ਖੇਤੀ ਤੇ ਕਰਜ਼ੇ ਬਾਰੇ ਧਾਰੀ ਚੁੱਪ ਦੀ ਨਿਖੇਧੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 27 ਜੂਨ
‘ਆਪ’ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਅੱਜ ਪੇਸ਼ ਕੀਤੇ ਗਏ ਪਲੇਠੇ ਬਜਟ ਨੂੰ ਅਰਥ ਸ਼ਾਸਤਰੀਆਂ ਨੇ ਰਲਵਾਂ-ਮਿਲਵਾਂ ਹੁੰਗਾਰਾ ਦਿੱਤਾ ਹੈ। ਸਿਹਤ ਤੇ ਸਿੱਖਿਆ ਨੂੰ ਤਰਜੀਹ ਦੀ ਸ਼ਲਾਘਾ ਕੀਤੀ ਗਈ ਹੈ, ਉੱਥੇ ਹੀ ਖੇਤੀਬਾੜੀ ਅਤੇ ਕਿਸਾਨੀ ਕਰਜ਼ੇ ਬਾਰੇ ਧਾਰੀ ਚੁੱਪੀ ਆਲੋਚਨਾ ਦਾ ਕਾਰਨ ਬਣੀ ਹੈ। ਖਰਚ ਅਤੇ ਆਮਦਨੀ ਦਰਮਿਆਨ 12 ਹਜ਼ਾਰ ਕਰੋੜ ਦੇ ਖੱਪੇ ਦੇ ਤਰਕ ਤਹਿਤ ਇਸ ਨੂੰ ਘਾਟੇ ਵਾਲਾ ਬਜਟ ਵੀ ਕਰਾਰ ਦਿੱਤਾ ਜਾ ਰਿਹਾ ਹੈ।
ਪੰਜਾਬੀ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਦੇ ਸਾਬਕਾ ਪ੍ਰੋਫੈਸਰ ਬਲਵਿੰਦਰ ਟਿਵਾਣਾ ਨੇ ਕਿਹਾ ਕਿ ਬਜਟ ਵਿੱਚ ਆਮਦਨ ਅਤੇ ਖਰਚ ਦੇ ਲਿਹਾਜ਼ ਤੋਂ 12 ਹਜ਼ਾਰ ਕਰੋੜ ਦਾ ਖੱਪਾ ਹੈ ਕਿਉਂਕਿ 95 ਹਜ਼ਾਰ 378 ਕਰੋੜ ਮਾਲੀਏ ਦੇ ਮੁਕਾਬਲੇ ਖਰਚੇ ਇੱਕ ਲੱਖ ਅੱਠ ਹਜ਼ਾਰ ਕਰੋੜ ਹਨ। ਸਰਕਾਰ ਸਿਰ ਖੜ੍ਹੇ ਕਰਜ਼ੇ ਦੀ ਰਕਮ ਬਜਟ ਰਾਸ਼ੀ 1.55 ਲੱਖ ਕਰੋੜ ਨਾਲੋਂ ਦੁੱਗਣੀ ਹੈ ਕਿਉਂਕਿ ਪੰਜਾਬ 3.18 ਲੱਖ ਕਰੋੜ ਦੀ ਕਰਜ਼ਾਈ ਹੈ। ਉਨ੍ਹਾਂ ਕਿਹਾ ਕਿ ਇਹ ਵੱਖਰੀ ਗੱਲ ਹੈ ਕਿ ਪਿਛਲੀ ਸਰਕਾਰ ਨੇ 1.68 ਲੱਖ ਕਰੋੜ ਦਾ ਬਜਟ ਪੇਸ਼ ਕੀਤਾ ਸੀ ਜਦਕਿ ਮੌਜੂਦਾ ਬਜਟ 1.55 ਲੱਖ ਕਰੋੜ ਦਾ ਹੈ। ਉਂਝ ਪਿਛਲੀ ਸਰਕਾਰ ਵੱਲੋਂ ਖਰਚ ਕੀਤੇ ਇਕ ਲੱਖ 40 ਹਜ਼ਾਰ ਕਰੋੜ ਦੇ ਹਿਸਾਬ ਨਾਲ ਮੌਜੂਦਾ ਬਜਟ 14 ਫੀਸਦੀ ਵੱਧ ਹੈ। ਪ੍ਰੋ. ਟਿਵਾਣਾ ਨੇ ਗਰੀਬ ਜਨਰਲ ਬੱਚਿਆਂ ਲਈ ਵੀ 30 ਕਰੋੜ ਵਜ਼ੀਫ਼ੇ ਅਤੇ ਅੱਠਵੀਂ ਤੱਕ ਦੇ ਸਾਰੇ ਬੱਚਿਆਂ ਲਈ 23 ਕਰੋੜ ਦੀਆਂ ਵਰਦੀਆਂ ਦੀ ਵਿਵਸਥਾ ਨੂੰ ਨਵੀਂ ਲੀਹ ਪਾਉਣ ਵਾਲਾ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਦਿੱਤਾ 200 ਕਰੋੜ ਪਿਛਲੀ ਸਰਕਾਰ ਨਾਲੋਂ ਵੀ ਸੱਤ ਕਰੋੜ ਘੱਟ ਹੈ। ਇਸੇ ਵਿਭਾਗ ਦੇ ਪ੍ਰੋਫੈਸਰ ਰਹੇ ਅਰਥ ਸ਼ਾਸਤਰੀ ਡਾ. ਕੇਸਰ ਸਿੰਘ ਭੰਗੂ ਨੇ ਬਜਟ ਨੂੰ ਉਸਾਰੂ ਦੱਸਿਆ। ਉਨ੍ਹਾਂ ਤਰਕ ਦਿੱਤਾ ਕਿ ਮੈਡੀਕਲ ਵਿੱਚ 56 ਫੀਸਦੀ, ਤਕਨੀਕੀ ਸਿੱਖਿਆ ’ਚ 47 ਫੀਸਦੀ ਅਤੇ ਉੱਚ ਸਿੱਖਿਆ ਲਈ 17 ਫੀਸਦੀ ਵਧੇਰੇ ਬਜਟ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਐਲਾਨ ਕਰਨ ਦੀ ਥਾਂ ਬਾਕਾਇਦਾ ਰਾਸ਼ੀ ਵੀ ਤੈਅ ਕੀਤੀ ਗਈ ਹੈ। ਇੱਕ ਹੋਰ ਆਰਥਿਕ ਮਾਹਿਰ ਪ੍ਰੋ. ਆਰ.ਐੱਸ. ਘੁੰਮਣ ਨੇ ਰੋਸ ਜਤਾਉਂਦਿਆਂ ਕਿਹਾ ਕਿ ਬਜਟ ਵਿੱਚ ਕਰਜ਼ਾ ਲਾਹੁਣ ਦਾ ਕੋਈ ਢੰਗ ਨਹੀਂ ਦੱਸਿਆ ਗਿਆ। ਸ਼੍ਰੋਮਣੀ ਕਮੇਟੀ ਮੈਂਬਰ ਤੇ ਭਾਜਪਾ ਆਗੂ ਸੁਰਜੀਤ ਗੜ੍ਹੀ, ਸਤਵਿੰਦਰ ਟੌਹੜਾ, ਜਸਮੇਰ ਲਾਛੜੂ, ਕਿਸਾਨ ਆਗੂ ਬੂਟਾ ਸ਼ਾਦੀਪੁਰ, ਰਣ ਸਿੰਘ ਚੱਠਾ, ਰਣਧੀਰ ਸਮੂਰਾਂ ਅਤੇ ਸਾਬਕਾ ਚੇਅਰਮੈਨ ਹਰਵਿੰਦਰ ਹਰਪਾਲਪੁਰ ਨੇ ਕਿਸਾਨੀ ਦਾ ਕਰਜ਼ਾ ਮੁਆਫ਼ ਕਰਨ ਸਬੰਧੀ ਧਾਰੀ ਚੁੱਪੀ ’ਤੇ ਹੈਰਾਨੀ ਪ੍ਰਗਟਾਈ।