ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਨਵੰਬਰ
ਆਮ ਆਦਮੀ ਪਾਰਟੀ ਪੰਜਾਬ ਦੇ ਸਹਿ-ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਪੰਜਾਬ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਕਿ ਕੇਜਰੀਵਾਲ ਦੀ ਨਕਲ ਕਰਨਾ ਸੌਖਾ ਹੈ ਪਰ ਅਮਲ ਕਰਨਾ ਮੁਸ਼ਕਲ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐੱਸਸੀ ਵਰਗ ਦੇ ਹਮਾਇਤੀ ਹੋਣ ਦਾ ਡਰਾਮਾ ਕਰਦੇ ਹਨ। ਜੇਕਰ ਉਹ ਅਨੁਸੂਚਿਤ ਜਾਤੀਆਂ ਦੇ ਹਮਾਇਤੀ ਹਨ ਤਾਂ ਐੱਸਸੀ ਵਰਗ ਦੇ ਪਰਿਵਾਰਾਂ ਨੂੰ 5-5 ਮਰਲਿਆਂ ਦੇ ਪਲਾਟ ਅਤੇ ਕਰੋਨਾ ਮਹਾਮਾਰੀ ਸਮੇਤ ਹੋਰ ਡਿਊਟੀਆਂ ਨਿਭਾਉਂਦਿਆਂ ਜਾਨਾਂ ਵਾਰਨ ਵਾਲੇ ਮੁਲਾਜ਼ਮਾਂ, ਖ਼ਾਸ ਕਰਕੇ ਦਲਿਤ ਵਰਗ ਦੇ ਮੁਲਾਜ਼ਮਾਂ ਨੂੰ 1-1 ਕਰੋੜ ਰੁਪਏ ਦੀ ਆਰਥਿਕ ਮਦਦ ਤੁਰੰਤ ਦੇਣ। ਸ੍ਰੀ ਚੱਢਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਚੰਨੀ ਅਜਿਹਾ ਨਹੀਂ ਕਰਦੇ ਤਾਂ 2022 ਦੀਆਂ ਚੋਣਾਂ ਜਿੱਤਣ ਮਗਰੋਂ ‘ਆਪ’ ਇਹ ਵਾਅਦਾ ਪੂਰਾ ਕਰੇਗੀ। ਪੰਜਾਬ ਦੇ ਸਹਿ-ਇੰਚਾਰਜ ਨੇ ਦੋਸ਼ ਲਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐੱਸਸੀ ਵਰਗ ਨੂੰ ਇੱਕ ਵੋਟ ਵਜੋਂ ਹੀ ਵਰਤ ਰਹੇ ਹਨ ਪਰ ਇਸ ਵਰਗ ਦੀ ਤਰੱਕੀ ਲਈ ਕੋਈ ਕੰਮ ਨਹੀਂ ਕਰ ਰਹੇ।
ਕਾਂਗਰਸ ਤੇ ਅਕਾਲੀ ਦਲ ਨੇ ਐੱਸਸੀ ਵਰਗ ਨੂੰ ਵੋਟ ਬੈਂਕ ਵਜੋਂ ਵਰਤਿਆ: ਚੀਮਾ
ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨੇ ਐੱਸਸੀ ਵਰਗ ਨੂੰ ਕੇਵਲ ਵੋਟ ਬੈਂਕ ਵਜੋਂ ਵਰਤਿਆ ਹੈ। ਪੰਜਾਬ ’ਚ ਐੱਸਸੀ ਵਰਗ ਦੇ ਬੱਚਿਆਂ ਦਾ ਕਰੋੜਾਂ ਰੁਪਇਆ ਦਾ ਵਜ਼ੀਫ਼ਾ ਕਾਂਗਰਸ ਦੇ ਮੰਤਰੀ ਖਾ ਗਏ। ਐੱਸਸੀ ਵਰਗ ਦੇ ਬੱੱਚਿਆਂ ਨੂੰ ਯੂਪੀਐੱਸਸੀ, ਪੀਪੀਐੱਸਸੀ ਅਤੇ ਹੋਰ ਮੁਕਾਬਲਿਆਂ ਦੀ ਤਿਆਰੀ ਲਈ ਚਲਾਏ ਜਾਂਦੇ ਸਿਖਲਾਈ ਕੇਂਦਰ ਬੰਦ ਹੋ ਗਏ ਹਨ।