ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਫਰਵਰੀ
ਪੰਜਾਬ, ਜੰਮੂ ਕਸ਼ਮੀਰ, ਉਤਰਾਖੰਡ, ਹਰਿਆਣਾ, ਰਾਜਸਥਾਨ ਤੇ ਦਿੱਲੀ-ਐੱਨਸੀਆਰ ਸਣੇ ਉਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਸ਼ੁੱਕਰਵਾਰ ਰਾਤ ਲਗਪਗ 10.34 ਵਜੇ 6.3 ਸ਼ਿੱਦਤ ਦੇ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਕੌਮੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ, ਭੂਚਾਲ ਦਾ ਕੇਂਦਰ ਤਾਜ਼ਿਕਸਤਾਨ ਵਿੱਚ ਮੁਰਗਾਵ ਨੇੜੇ ਧਰਤੀ ਹੇਠ 86 ਕਿਲੋਮੀਟਰ ਸੀ ਅਤੇ ਇਸ ਦੀ ਗਤੀ ਰਿਕਟਰ ਪੈਮਾਨੇ ’ਤੇ 6.3 ਸੀ। ਅੰਮ੍ਰਿਤਸਰ ਵਿੱਚ ਦੋ ਵਾਰ ਝਟਕੇ ਮਹਿਸੂਸ ਕੀਤੇ ਗਏ। ਪੰਜਾਬ ਦੇ ਲੁਧਿਆਣਾ, ਜਲੰਧਰ, ਕਾਦੀਆਂ, ਕਰਤਾਰਪੁਰ, ਤਲਵੰਡੀ ਸਾਬੋ, ਜੰਡਿਆਲਾ ਗੁਰੂ, ਫਤਿਹਗੜ੍ਹ ਚੂੜੀਆਂ ਤੇ ਹੋਰ ਹਿੱਸਿਆਂ ਵਿੱਚ ਭੂਚਾਲ ਦਾ ਅਸਰ ਰਿਹਾ। ਪਹਿਲੀ ਵਾਰ ਝਟਕੇ ਮਹਿਸੂਸ ਹੋਣ ਤੋਂ ਕੁਝ ਦੇਰ ਬਾਅਦ ਲਗਾਤਾਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਲੋਕ ਆਪਣੇ ਬਚਾਅ ਲਈ ਘਰਾਂ ਤੋਂ ਬਾਹਰ ਆ ਗਏ ਅਤੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਰਿਹਾ।