ਪੱਤਰ ਪ੍ਰੇਰਕ
ਜਲੰਧਰ, 22 ਅਪਰੈਲ
ਇੱਥੋਂ ਦੇ ਕਿਸ਼ਨਪੁਰਾ ਚੌਕ ਨੇੜੇ ਅੱਜ ਸਵੇਰੇ ਸਕੂਲੀ ਬੱਚਿਆਂ ਨਾਲ ਭਰਿਆ ਇੱਕ ਈ-ਰਿਕਸ਼ਾ ਬਿਜਲੀ ਦੇ ਖੰਭੇ ਨਾਲ ਟਕਰਾ ਜਾਣ ਕਾਰਨ 3 ਬੱਚੇ ਜ਼ਖਮੀ ਹੋਏ ਹਨ। ਇਨ੍ਹਾਂ ’ਚੋਂ ਦੋ ਬੱਚੇ ਗੰਭੀਰ ਜ਼ਖ਼ਮੀ ਹਨ ਅਤੇ ਦੋਵੇਂ ਪਠਾਨਕੋਟ ਦੇ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਪੁਲੀਸ ਨੇ ਈ-ਰਿਕਸ਼ਾ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇੱਕ ਬੱਚੇ ਨੂੰ ਇਲਾਜ ਤੋਂ ਬਾਅਦ ਤੁਰੰਤ ਛੁੱਟੀ ਦੇ ਦਿੱਤੀ ਗਈ। ਪੁਲੀਸ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਅਗਲੀ ਕਾਰਵਾਈ ਕਰੇਗੀ। ਰਾਹਗੀਰ ਅਨਮੋਲ ਨੇ ਦੱਸਿਆ ਕਿ ਉਹ ਸਵੇਰੇ ਜਿਮ ਜਾਣ ਲਈ ਆਇਆ ਸੀ। ਇਸ ਦੌਰਾਨ ਇਕ ਤੇਜ਼ ਰਫਤਾਰ ਈ-ਰਿਕਸ਼ਾ ਚਾਲਕ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। ਰਾਹਗੀਰਾਂ ਨੇ ਤੁਰੰਤ ਡਰਾਈਵਰ ਨੂੰ ਫੜ ਲਿਆ ਅਤੇ ਬੱਚਿਆਂ ਨੂੰ ਪਾਣੀ ਪਿਲਾਇਆ। ਉਸੇ ਸਮੇਂ ਈ-ਰਿਕਸ਼ਾ ਚਾਲਕ ਨੇ ਦੱਸਿਆ ਕਿ ਸਾਹਮਣੇ ਤੋਂ ਇਕ ਆਟੋ ਆਇਆ ਸੀ ਅਤੇ ਉਸ ਨੂੰ ਬਚਾਉਣ ਲਈ ਉਸ ਨੇ ਈ-ਰਿਕਸ਼ਾ ਨੂੰ ਤੇਜ਼ ਰਫਤਾਰ ਨਾਲ ਮੋੜ ਲਿਆ ਜਿਸ ਕਾਰਨ ਈ-ਰਿਕਸ਼ਾ ਇੱਕ ਖੰਭੇ ਨਾਲ ਟਕਰਾ ਗਿਆ। ਥਾਣਾ ਡਿਵੀਜ਼ਨ ਨੰਬਰ 8 ਦੇ ਐੱਸਐੱਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਘਟਨਾ ਵਿੱਚ ਦੋ ਬੱਚੇ ਗੰਭੀਰ ਜ਼ਖ਼ਮੀ ਹੋ ਗਏ। ਕਿਸੇ ਵੀ ਬੱਚੇ ਜਾਂ ਪਰਿਵਾਰਕ ਮੈਂਬਰ ਨੇ ਆਪਣੇ ਬਿਆਨ ਦਰਜ ਨਹੀਂ ਕਰਵਾਏ ਹਨ। ਪੁਲੀਸ ਬਿਆਨ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਅਗਲੀ ਕਾਰਵਾਈ ਕਰੇਗੀ। ਆਟੋ ਚਾਲਕ ਪੁਲੀਸ ਦੀ ਹਿਰਾਸਤ ਵਿੱਚ ਹੈ।