ਪਾਲ ਸਿੰਘ ਨੌਲੀ
ਜਲੰਧਰ, 30 ਸਤੰਬਰ
ਭਾਰਤੀ ਜੀਵਨ ਬੀਮਾ ਕਾਰਪੋਰੇਸ਼ਨ ਜਲੰਧਰ ਦੇ ਇਕ 80 ਸਾਲਾ ਸੇਵਾ-ਮੁਕਤ ਕਾਰਜਕਾਰੀ ਡਾਇਰੈਕਟਰ ਨੇ ਵੱਡਾ ਦਿਲ ਦਿਖਾਉਂਦਿਆਂ ਆਪਣਾ ਇਕ ਫਲੈਟ ਮਰਨ ਤੋਂ ਪਹਿਲਾਂ ਹੀ ਦਾਨ ਕਰ ਦਿੱਤਾ ਸੀ। ਭਾਰਤੀ ਜੀਵਨ ਬੀਮਾ ਕਾਰਪੋਰੇਸ਼ਨ ਵਿਚ ਉੱਚ ਅਹੁਦੇ ’ਤੇ ਰਹੇ ਡਾ. ਪ੍ਰੀਤਮ ਸਿੰਘ ਪ੍ਰੀਤਮ ਦਾ ਦੇਹਾਂਤ ਲੰਘੀ 30 ਅਗਸਤ ਨੂੰ ਹੋ ਗਿਆ ਸੀ ਤੇ ਉਨ੍ਹਾਂ ਨੇ ਸੇਵਾ ਮੁਕਤ ਹੋਣ ਤੋਂ ਬਾਅਦ ਆਪਣੀ ਜ਼ਿੰਦਗੀ ਦਾ ਲੰਬਾ ਸਮਾਂ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਹੀ ਬਿਤਾਇਆ ਸੀ। ਉਨ੍ਹਾਂ ਦਾ ਜਲੰਧਰ ਹਾਈਟਸ ਵਿਚ ਚਾਰ ਬੈੱਡਰੂਮਾਂ ਵਾਲਾ ਫਲੈਟ ਸੀ, ਜਿਹੜਾ ਕਿ ਉਸ ਨੇ ਬਜ਼ੁਰਗਾਂ ਨੂੰ ਦਾਨ ਕਰ ਦਿੱਤਾ ਸੀ। ਇਸ ਫਲੈਟ ਦੀ ਕੀਮਤ ਲਗਪਗ ਇਕ ਕਰੋੜ ਦੱਸੀ ਜਾ ਰਹੀ ਹੈ। ਇਥੇ ਹੀ ਬੱਸ ਨਹੀਂ, ਡਾ. ਪ੍ਰੀਤਮ ਸਿੰਘ ਪ੍ਰੀਤਮ ਨੇ ਦਸ ਸਾਲ ਉਨ੍ਹਾਂ ਦੀ ਤਿਮਾਰਦਾਰੀ ਕਰਨ ਵਾਲੀ ਘਰੇਲੂ ਨੌਕਰਾਣੀ ਨੂੰ ਵੀ ਬੱਚਤਾਂ ਵਿੱਚੋਂ 20 ਲੱਖ ਰੁਪਏ ਦਿੱਤੇ ਹਨ।
ਐੱਲਆਈਸੀ ਕਲਾਸ-ਵੰਨ ਸੇਵਾ ਮੁਕਤ ਅਫਸਰ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਬੀ.ਆਰ. ਮਹਿਤਾ ਨੇ ਆਪਣੇ ਇਸ ਸਾਥੀ ਦੀ ਕਹਾਣੀ ਆਪਣੇ ਸਾਰੇ ਮੈਂਬਰਾਂ ਨਾਲ ਸਾਂਝੀ ਕੀਤੀ ਕਿ ਕਿਵੇਂ ਡਾ. ਪ੍ਰੀਤਮ ਸਿੰਘ ਪ੍ਰੀਤਮ ਨੇ ਆਪਣਾ 2050 ਵਰਗ ਫੁੱਟ ਵਾਲਾ ਫਲੈਟ ਦਾਨ ਕੀਤਾ ਹੈ, ਜਿਸ ਦੀ ਕੀਮਤ ਇਕ ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ। ਪ੍ਰੀਤਮ ਨੇ ਇੱਛਾ ਜ਼ਾਹਰ ਕੀਤੀ ਸੀ ਕਿ ਇਹ ਘਰ ਬਜ਼ੁਰਗ ਲੋਕਾਂ ਵਾਸਤੇ ਵਰਤਿਆ ਜਾਵੇ। ਜਲੰਧਰ ਹਾਈਟਸ ਟਾਊਨਸ਼ਿੱਪ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਡਾ. ਪ੍ਰੀਤਮ ਦੇ ਦੇਹਾਂਤ ਤੋਂ ਇਕ ਮਹੀਨਾ ਪਹਿਲਾਂ ਉਨ੍ਹਾਂ ਦਾ ਭਰਾ ਉਸ ਕੋਲ ਆਇਆ ਸੀ ਤੇ ਫਲੈਟ ਨੂੰ ਦਾਨ ਕਰਨ ਦੀ ਇੱਛਾ ਪ੍ਰਗਟਾਈ ਸੀ।
ਮ੍ਰਿਤਕ ਦੇ ਛੋਟੇ ਭਰਾ ਸੁਰਜੀਤ ਸਿੰਘ ਅਰੋੜਾ ਨੇ ਵੀ ਇਸ ਗੱਲ ਦੀ ਤਸਦੀਕ ਕੀਤੀ ਕਿ ਉਨ੍ਹਾਂ ਦਾ ਭਰਾ ਪ੍ਰੀਤਮ ਸਿੰਘ ਸੱਚਮੁੱਚ ਇਕ ਵੱਡੀ ਸ਼ਖ਼ਸੀਅਤ ਸੀ। ਉਨ੍ਹਾਂ ਕਿਹਾ ਉਹ ਪ੍ਰੀਤਮ ਦੀ ਜਾਇਦਾਦ ਨੂੰ ਚੰਗੇ ਸਮਾਜਿਕ ਕੰਮਾਂ ਲਈ ਵਰਤਣ ਦੀ ਇੱਛਾ ਰੱਖਦੇ ਹਨ। ਇਸ ਫਲੈਟ ਦੀ ਵਰਤੋਂ ਬਜ਼ੁਰਗਾਂ ਦੀ ਦੇਖ-ਭਾਲ ਲਈ, ਧਾਰਮਿਕ ਅਤੇ ਹੋਰ ਸਮਾਜ ਭਲਾਈ ਦੇ ਕੰਮਾਂ ਲਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਫਲੈਟ ਵਿਚਲਾ ਸਾਰਾ ਸਾਮਾਨ ਉਹ ਕਿਸੇ ਤਰ੍ਹਾਂ ਵੀ ਛੇੜਨਾ ਨਹੀਂ ਚਾਹੁੰਦੇ ਕਿਉਕਿ ਉਨ੍ਹਾਂ ਨੇ ਆਪਣੇ ਭਰਾ ਦੀਆਂ ਇੱਛਾਵਾਂ ਨੂੰ ਪੂਰਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਨੂੰ ਪੂਰਾ ਕਰਨ ਲਈ ਇਕ ਮਹੀਨੇ ਦਾ ਸਮਾਂ ਲੱਗੇਗਾ। ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦਾ ਕੋਈ ਬੱਚਾ ਨਹੀਂ ਹੈ ਤੇ ਉਹ ਭੈਣ-ਭਰਾਵਾਂ ਨਾਲ ਰਾਬਤਾ ਰੱਖਦੇ ਸਨ।